Election Result 2022: ਵੀਰਵਾਰ ਨੂੰ ਐਲਾਨੇ ਗਏ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ (Assembly Election result 2022) ਦੇ ਨਤੀਜਿਆਂ ਨੇ ਬਹੁਤ ਸਾਰੇ ਸਿਆਸੀ ਦਿੱਗਜਾਂ ਲਈ ਨਿਰਾਸ਼ਾ ਲਿਆਂਦੀ ਹੈ। ਇਸ ਚੋਣ ਵਿੱਚ ਦੋ ਮੌਜੂਦਾ ਅਤੇ ਪੰਜ ਸਾਬਕਾ ਮੁੱਖ ਮੰਤਰੀਆਂ ਨੂੰ ਆਪੋ-ਆਪਣੇ ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ (Deputy Chief Minister Keshav Prasad Maurya) ਸਮੇਤ ਤਿੰਨ ਮੌਜੂਦਾ ਉਪ ਮੁੱਖ ਮੰਤਰੀਆਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।



ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh) ਅਤੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਆਪੋ-ਆਪਣੀ ਸੀਟ ਤੋਂ ਚੋਣ ਹਾਰ ਗਏ ਹਨ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਸਿੰਘ ਰਾਵਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਵੀ ਇਹੀ ਹਾਲ ਹੈ। ਉਹ ਵੀ ਆਪਣੀ-ਆਪਣੀ ਸੀਟ ਤੋਂ ਹਾਰ ਗਏ ਹਨ।



ਧਾਮੀ ਭਾਵੇਂ ਚੋਣ ਹਾਰ ਗਏ ਹੋਣ ਪਰ ਉੱਤਰਾਖੰਡ ਵਿੱਚ ਉਨ੍ਹਾਂ ਦੀ ਪਾਰਟੀ ਜੇਤੂ ਬਣ ਕੇ ਸਾਹਮਣੇ ਆਈ ਹੈ। ਪੰਜਾਬ ਵਿੱਚ ਤਿੰਨ ਸਾਬਕਾ ਮੁੱਖ ਮੰਤਰੀ ਬਾਦਲ, ਅਮਰਿੰਦਰ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਆਪੋ-ਆਪਣੀਆਂ ਸੀਟਾਂ ਤੋਂ ਹਾਰ ਗਏ ਹਨ। ਇਸ ਸੂਬੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ।



ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਅਤੇ ਚਮਕੌਰ ਸਾਹਿਬ ਦੋਵਾਂ ਸੀਟਾਂ ਤੋਂ ਚੋਣ ਹਾਰ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਦੇ ਵਿਰੋਧੀ ਤੋਂ ਚੋਣ ਹਾਰ ਗਏ। ਪੰਜਾਬ ਸਰਕਾਰ ਦੇ ਜ਼ਿਆਦਾਤਰ ਮੌਜੂਦਾ ਅਤੇ ਸਾਬਕਾ ਮੰਤਰੀ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਤੋਂ ਹਾਰ ਗਏ ਹਨ।



ਗੋਆ 'ਚ ਸਾਬਕਾ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਚਰਚਿਲ ਅਲੇਮਾਓ ਨੂੰ ਬੇਨੌਲੀਮ ਸੀਟ ਤੋਂ 'ਆਪ' ਉਮੀਦਵਾਰ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਤੱਟਵਰਤੀ ਰਾਜ ਦੇ ਦੋਵੇਂ ਉਪ ਮੁੱਖ ਮੰਤਰੀਆਂ ਨੂੰ ਕਾਂਗਰਸੀ ਵਿਰੋਧੀਆਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਭਾਜਪਾ ਗੋਆ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰੀ ਹੈ ਅਤੇ ਅਗਲੀ ਸਰਕਾਰ ਬਣਾਏਗੀ।



ਉਪ ਮੁੱਖ ਮੰਤਰੀ ਮਨੋਹਰ ਅਜਗਾਂਵਕਰ ਨੂੰ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਉਮੀਦਵਾਰ ਦਿਗੰਬਰ ਕਾਮਤ ਨੇ ਹਰਾਇਆ ਜਦੋਂ ਕਿ ਦੂਜੇ ਉਪ ਮੁੱਖ ਮੰਤਰੀ ਚੰਦਰਕਾਂਤ ਕਾਵਲੇਕਰ ਨੂੰ ਕਿਊਪੇਮ ਸੀਟ ਤੋਂ ਕਾਂਗਰਸ ਦੇ ਅਲਟੋਨ ਡੀ'ਕੋਸਟਾ ਨੇ ਹਰਾਇਆ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਕੌਸ਼ਾਂਬੀ ਜ਼ਿਲ੍ਹੇ ਦੀ ਸਿਰਥੂ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਪੱਲਵੀ ਪਟੇਲ ਤੋਂ 7,337 ਵੋਟਾਂ ਨਾਲ ਹਾਰ ਗਏ।