Exit Poll 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਤੇ ਏਜੰਸੀਆਂ ਵੱਲੋਂ ਕਰਵਾਏ ਸਰਵੇ ਦੇ ਆਧਾਰ ਉੱਪਰ ਐਗਜ਼ਿਟ ਪੋਲ ਐਲਾਨੇ ਗਏ ਹਨ। ਜ਼ਿਆਦਾਤਰ ਚੈਨਲਾਂ ਵੱਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ।

ਐਗਜ਼ਿਟ ਪੋਲ ਮਗਰੋਂ ਜਿੱਥੇ ਆਮ ਆਦਮੀ ਪਾਰਟੀ ਬਾਗੋ-ਬਾਗ ਹੈ, ਉੱਥੇ ਹੀ ਬਾਕੀ ਪਾਰਟੀਆਂ ਵੀ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਐਗਜ਼ਿਟ ਪੋਲ ਅਕਸਰ ਗਲਤ ਸਾਬਤ ਹੁੰਦੇ ਹਨ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ 2017 ਵਿੱਚ ਵੀ ਐਗਜ਼ਿਟ ਪੋਲ ਦੇ ਰੁਝਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸਨ ਪਰ ਜਦੋਂ ਨਤੀਜੇ ਆਏ ਤਾਂ ਹੈਰਾਨ ਕਰ ਦੇਣ ਵਾਲੇ ਸੀ। ਕਾਂਗਰਸ ਨੂੰ ਉਸ ਵੇਲੇ ਬਹੁਮਤ ਮਿਲਿਆ ਸੀ।

ਇਸ ਬਾਰੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਅਜਿਹਾ ਹੀ ਹੋਵੇਗਾ ਜਦੋਂਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸਾਡੀ ਜਿੱਤ ਪੱਕੀ ਹੈ। ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਬੁਲਾਰੇ ਅਹਿਬਾਬ ਗਰੇਵਾਲ ਨੇ ਕਿਹਾ ਕਿ ਸਾਰੇ ਹੀ ਚੈਨਲਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਆਪਣੇ ਸਰਵੇ ਵੀ ਇਹੀ ਕਹਿ ਰਹੇ ਹਨ ਜੋ ਬਾਕੀ ਚੈਨਲ ਦੱਸ ਰਹੇ ਹਨ।

ਉਨ੍ਹਾਂ ਕਿਹਾ ਜੋ ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਗਲਤ ਸਾਬਤ ਹੋਏ ਐਗਜ਼ਿਟ ਪੋਲਾਂ ਦੇ ਦਾਅਵੇ ਕਰ ਰਹੇ ਹਨ, ਉਸ ਵੇਲੇ ਅਸੀਂ ਸੀਐਮ ਚਿਹਰਾ ਅਨਾਉਂਸ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਵੀ ਸਾਡੇ ਕੋਲੋਂ ਕੁਝ ਗ਼ਲਤੀਆਂ ਹੋਈਆਂ ਸਨ ਜਿਨ੍ਹਾਂ ਨੂੰ ਇਸ ਵਾਰ ਸੁਧਾਰ ਲਿਆ ਗਿਆ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਜਾ ਰਹੀ ਹੈ।  

ਉੱਧਰ ਦੂਜੇ ਪਾਸੇ ਕਾਂਗਰਸ ਦੇ ਲੁਧਿਆਣਾ ਤੋਂ ਬੁਲਾਰੇ ਕੁਲਦੀਪ ਵੈਦ ਨੇ ਕਿਹਾ ਹੈ ਕਿ ਕਾਂਗਰਸ ਦੀ ਜਿੱਤ ਯਕੀਨੀ ਹੈ। ਉਨ੍ਹਾਂ ਕਿਹਾ ਕਿ ਅਖ਼ਬਾਰਾਂ-ਚੈਨਲਾਂ ਵਾਲੇ ਜੋ ਮਰਜ਼ੀ ਕਹਿ ਲੈਣ ਪੰਜਾਬ ਵਿੱਚ ਦੁਬਾਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਸਾਰੇ ਹੀ ਚੈਨਲਾਂ ਨੇ ਵੱਖੋ ਵੱਖਰੇ ਡਾਟਾ ਦਿੱਤੇ ਹਨ ਜਿਸ ਤੋਂ ਸਾਬਤ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਿਸੇ ਸੂਰਤ ਵਿੱਚ ਨਹੀਂ ਬਣਨ ਵਾਲੀ।  

ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਤੇ ਇਹ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਕਸਰ ਹੀ ਐਗਜ਼ਿਟ ਪੋਲ ਵੱਲੋਂ ਵਿਖਾਏ ਗਏ ਡਾਟਾ ਗ਼ਲਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨਤੀਜੇ ਆਉਣ ਨੂੰ ਕੁਝ ਸਮਾਂ ਹੀ ਬਾਕੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਲੋਕਾਂ ਨੇ ਇਸ ਵਾਰ ਭਾਜਪਾ ਦੀ ਯਕੀਨ ਦਿੱਤਾ ਹੈ।