Karnataka Elections 2023 :  ਕਰਨਾਟਕ ਦੀਆਂ ਸਾਰੀਆਂ 224 ਵਿਧਾਨ ਸਭਾ ਸੀਟਾਂ 'ਤੇ ਅੱਜ ਵੋਟਿੰਗ ਹੋਈ ਹੈ। ਕਰਨਾਟਕ ਦੇ ਸਾਰੇ ਜ਼ਿਲ੍ਹਿਆਂ 'ਚ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਲੋਕ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਰਹੇ ਸਨ। ਸਮਾਚਾਰ ਏਜੰਸੀ ਪੀਟੀਆਈ ਦੀ ਜਾਣਕਾਰੀ ਮੁਤਾਬਕ ਸ਼ਾਮ 5 ਵਜੇ ਤੱਕ 65.69 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸੂਬੇ ਦੀਆਂ 224 ਸੀਟਾਂ ਤੋਂ 2614 ਉਮੀਦਵਾਰ ਮੈਦਾਨ ਵਿੱਚ ਹਨ। ਚੋਣਾਂ ਦੇ ਨਤੀਜੇ 13 ਮਈ ਨੂੰ ਐਲਾਨੇ ਜਾਣਗੇ। ਹੁਣ ਸਭ ਦੀਆਂ ਨਜ਼ਰਾਂ 13 ਮਈ 'ਤੇ ਟਿਕੀਆਂ ਹੋਈਆਂ ਹਨ, ਜਦੋਂ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ।

 

ਕਰਨਾਟਕ 'ਚ ਵੋਟਿੰਗ ਦੌਰਾਨ ਤਿੰਨ ਥਾਵਾਂ 'ਤੇ ਹਿੰਸਕ ਘਟਨਾਵਾਂ ਵਾਪਰੀਆਂ ਹਨ। ਪੁਲਸ ਨੇ ਦੱਸਿਆ ਕਿ ਵਿਜੇਪੁਰਾ ਜ਼ਿਲੇ ਦੇ ਬਸਾਵਨਾ ਬਾਗਵਾੜੀ ਤਾਲੁਕ 'ਚ ਲੋਕਾਂ ਨੇ ਕੁਝ ਈਵੀਐੱਮ ਅਤੇ ਵੀਵੀਪੀਏਟੀ ਮਸ਼ੀਨਾਂ ਨੂੰ ਤੋੜ ਦਿੱਤਾ। ਉਨ੍ਹਾਂ ਪੋਲਿੰਗ ਅਫ਼ਸਰਾਂ ਦੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ। ਚੋਣ ਕਮਿਸ਼ਨ ਨੇ ਕਿਹਾ ਕਿ ਵਿਜੇਪੁਰਾ ਜ਼ਿਲ੍ਹੇ ਦੇ ਮਾਸਾਬੀਨਾਲਾ ਦੇ ਪਿੰਡ ਵਾਸੀਆਂ ਨੇ ਬੁੱਧਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਲੈ ਕੇ ਜਾ ਰਹੀ ਚੋਣ ਡਿਊਟੀ ਵਾਹਨ ਨੂੰ ਰੋਕਿਆ। ਪਿੰਡ ਵਾਸੀਆਂ ਨੇ ਇੱਕ ਅਧਿਕਾਰੀ ਦੀ ਕੁੱਟਮਾਰ ਕੀਤੀ। ਕੰਟਰੋਲ ਅਤੇ ਬੈਲਟ ਯੂਨਿਟ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਪੁਲਿਸ ਨੇ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

 

ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਮੁੱਖ ਮੰਤਰੀ ਬਸਵਰਾਜ ਬੋਮਈ, ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ, ਡੀਵੀ ਸਦਾਨੰਦ ਗੌੜਾ, ਸਿੱਧਰਮਈਆ ਅਤੇ ਜਗਦੀਸ਼ ਸ਼ੈੱਟਰ ਸਮੇਤ ਐਨਆਰ ਨਰਾਇਣ ਮੂਰਤੀ ਅਤੇ ਉਨ੍ਹਾਂ ਦੀ ਪਤਨੀ ਸੁਧਾ ਮੂਰਤੀ ਨੇ ਵੋਟ ਭੁਗਤਾਈ। 

ਇਹ ਵੀ ਪੜ੍ਹੋ : ਕਾਂਗਰਸੀ ਐਮਐਲਏ ਨੇ ਆਪ ਵਿਧਾਇਕ ਨੂੰ ਘੇਰਿਆ, ਕਮਰੇ 'ਚ ਕੀਤਾ ਬੰਦ, ਪੁਲਿਸ ਨੇ ਆ ਕੇ ਛੁਡਵਾਇਆ



ਦੱਸ ਦੇਈਏ ਕਿ 8 ਮਈ ਨੂੰ ਸੂਬੇ ਵਿੱਚ ਇਨ੍ਹਾਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਦੌਰ ਸਮਾਪਤ ਹੋ ਗਿਆ ਸੀ। ਜਿੱਥੇ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਵੱਡੇ ਨੇਤਾਵਾਂ ਨੇ ਭਾਜਪਾ ਦੀ ਤਰਫੋਂ ਚੋਣ ਪ੍ਰਚਾਰ ਵਿਚ ਹਿੱਸਾ ਲਿਆ, ਉਥੇ ਹੀ ਕਾਂਗਰਸ ਦੀ ਤਰਫੋਂ ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਵੀ ਚੋਣ ਪ੍ਰਚਾਰ ਵਿਚ ਹਿੱਸਾ ਲਿਆ। ਪ੍ਰਿਅੰਕਾ ਗਾਂਧੀ ਨੇ ਕਾਂਗਰਸ ਲਈ ਕਈ ਥਾਵਾਂ 'ਤੇ ਰੋਡ ਸ਼ੋਅ ਅਤੇ ਰੈਲੀਆਂ ਕੀਤੀਆਂ ਹਨ। ਕਰਨਾਟਕ ਚੋਣਾਂ ਦਾ ਨਤੀਜਾ 13 ਮਈ ਨੂੰ ਆਵੇਗਾ, ਅਜਿਹੇ 'ਚ ਉਸੇ ਦਿਨ ਹੀ ਤੈਅ ਹੋ ਜਾਵੇਗਾ ਕਿ ਸੂਬੇ ਦੇ ਲੋਕਾਂ ਨੇ ਇਸ ਵਾਰ ਕਿਸ ਪਾਰਟੀ 'ਤੇ ਭਰੋਸਾ ਜਤਾਇਆ ਹੈ।