Punjab Election: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ 13ਵੀਂ ਵਾਰ ਚੋਣ ਮੈਦਾਨ ਵਿੱਚ ਹਨ। 94 ਸਾਲਾ ਪ੍ਰਕਾਸ਼ ਸਿੰਘ ਬਾਦਲ ਦੀ ਚੋਣ 'ਤੇ ਕਈ ਸਵਾਲ ਉੱਠ ਰਹੇ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲੰਬੀ ਸੀਟ ਤੋਂ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪ੍ਰਕਾਸ਼ ਸਿੰਘ ਬਾਦਲ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਸੰਭਾਲ ਰਹੇ ਹਨ। ਪਾਰਟੀ ਆਗੂ ਤੇ ਉਨ੍ਹਾਂ ਦੇ ਕਰੀਬੀ ਸਾਥੀ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ, 'ਪਹਿਲਾਂ ਵੀ ਪਾਰਟੀ ਦੀ ਸਥਾਨਕ ਲੀਡਰਸ਼ਿਪ ਲੰਬੀ 'ਚ ਚੋਣ ਪ੍ਰਚਾਰ ਦੀ ਦੇਖ-ਰੇਖ ਕਰਦੀ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਸੂਬੇ ਭਰ 'ਚ ਚੋਣ ਪ੍ਰਚਾਰ 'ਚ ਰੁੱਝੇ ਹੋਏ ਸੀ। ਅਸੀਂ ਬਾਦਲ ਸਹਿਬ ਦੇ ਲਗਾਤਾਰ ਸੰਪਰਕ ਵਿੱਚ ਹਾਂ।"
ਅਕਾਲੀ ਦਲ ਦੀ ਆਗੂ ਅਤੇ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਹਲਕੇ ਵਿੱਚ ਚੋਣ ਪ੍ਰਚਾਰ ਕੀਤਾ। ਇਸੇ ਤਰ੍ਹਾਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਜਿਤਾਉਣ ਦੀ ਅਪੀਲ ਕਰ ਰਹੇ ਹਨ। ਲੰਬੇ ਸਮੇਂ ਤੋਂ ਦੋਸਤ ਰਹੇ 87 ਸਾਲਾ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਹਮੇਸ਼ਾ ਲੋਕਾਂ ਦੀ ਭਲਾਈ ਦੇ ਦੁਆਲੇ ਰਹੀ ਹੈ।
ਸਿਰਫ਼ ਇੱਕ ਚੋਣ ਵਿੱਚ ਹਾਰੇ ਪ੍ਰਕਾਸ਼ ਸਿੰਘ
ਅਕਾਲੀ ਦਲ ਦੇ ਅਨੁਸਾਰ, ਪਾਰਟੀ ਨੇਤਾਵਾਂ ਦੀ ਬੇਨਤੀ 'ਤੇ ਬਾਦਲ ਨੇ ਆਪਣੀ ਉਮਰ ਅਤੇ ਹਾਲ ਹੀ ਵਿੱਚ ਕੋਵਿਡ -19 ਨਾਲ ਸੰਕਰਮਿਤ ਹੋਣ ਦੇ ਬਾਵਜੂਦ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਇਸ ਸਮੇਂ ਪਾਰਟੀ ਦੇ ਪ੍ਰਧਾਨ ਹਨ।
ਪ੍ਰਕਾਸ਼ ਸਿੰਘ ਬਾਦਲ ਨੂੰ ਪਿਛਲੇ ਮਹੀਨੇ ਹੀ ਲੁਧਿਆਣਾ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਜਿੱਥੇ ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਦਾਖਲ ਸੀ। ਇਸ ਨਾਲ ਉਨ੍ਹਾਂ ਨੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ.ਐੱਸ. ਅਚੁਤਾਨੰਦ ਦਾ ਸਭ ਤੋਂ ਵੱਧ ਉਮਰ ਦੇ ਉਮੀਦਵਾਰ ਹੋਣ ਦਾ ਰਿਕਾਰਡ ਤੋੜ ਦਿੱਤਾ। ਸੀਪੀਆਈ (ਐਮ) ਨੇਤਾ ਅਚੁਤਾਨੰਦ ਨੇ 92 ਸਾਲ ਦੀ ਉਮਰ ਵਿੱਚ 2016 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸੀ।
ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ 11 ਵਾਰ ਵਿਧਾਇਕ ਚੁਣੇ ਗਏ ਹਨ ਅਤੇ ਉਹ 13ਵੀਂ ਵਾਰ ਚੋਣ ਲੜ ਰਹੇ ਹਨ। ਉਨ੍ਹਾਂ ਨੇ ਪਹਿਲੀ ਵਾਰ ਸਾਲ 1957 ਵਿੱਚ ਮਲੋਟ ਸੀਟ ਤੋਂ ਚੋਣ ਲੜੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin