ਅੰਮ੍ਰਿਤਸਰ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਉਮੀਦਵਾਰ ਜੀਵਨਜੋਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਸਿਸੋਦੀਆ ਨੇ ਲੋਕਾਂ ਨੂੰ ਝਾੜੂ ਦਾ ਬਟਨ ਦਬਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।ਲੋਕਾਂ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਕਿਹਾ ਕਿ 20 ਫਰਵਰੀ ਨੂੰ ਤੁਹਾਡੇ, ਤੁਹਾਡੇ ਬੱਚਿਆਂ ਅਤੇ ਪੰਜਾਬ ਦੇ ਭਵਿੱਖ ਦਾ ਫੈਸਲਾ ਹੋਣਾ ਹੈ। ਸੋ ਇਸ ਵਾਰ ਬਿਨਾਂ ਕਿਸੀ ਦੇ ਬਹਿਕਾਵੇ  'ਚ ਆਏ ਪੰਜਾਬ ਅਤੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਅਤੇ ਉਨ੍ਹਾਂ ਦੀ ਚੰਗੀ ਸਿੱਖਿਆ ਲਈ ਵੋਟ ਪਾਉਣੀ ਹੈ।



ਅਕਾਲੀ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਸਿਸੋਦੀਆ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੇ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਮੂਰਖ ਬਣਾਇਆ ਅਤੇ ਆਪਸੀ ਸਮਝੌਤਾ ਕਰਕੇ ਵਾਰੀ-ਵਾਰੀ ਸੱਤਾ 'ਤੇ ਕਾਬਜ਼ ਹੋਈਆਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੋਵੇਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇੱਕ ਹੋ ਗਈਆਂ ਹਨ। ਸਾਨੂੰ ਇਨ੍ਹਾਂ ਦੀਆਂ ਸਾਜ਼ਿਸ਼ਾਂ ਨੂੰ ਸਮਝਣਾ ਹੋਵੇਗਾ ਅਤੇ ਸਾਵਧਾਨ ਰਹਿਣਾ ਹੋਵੇਗਾ। ਇਸ ਵਾਰ ਝਾੜੂ ਦਾ ਬਟਨ ਦਬਾ ਕੇ ਅਕਾਲੀ-ਕਾਂਗਰਸ ਦਾ ਸਫਾਇਆ ਕਰਨਾ ਹੈ ਅਤੇ ਗੰਦੀ ਰਾਜਨੀਤੀ ਨੂੰ ਪੰਜਾਬ ਵਿਚੋਂ ਖਤਮ ਕਰਨਾ ਹੈ।


ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਸਾਡੇ ਉਮੀਦਵਾਰ ਵੀ ਸਾਧਾਰਨ ਪਰਿਵਾਰਾਂ ਤੋਂ ਨਿਕਲੇ ਲੋਕ ਹਨ। ਉਹ ਆਮ ਲੋਕਾਂ ਦਾ ਦੁੱਖ-ਦਰਦ ਸਮਝਦੇ ਹਨ। ਜਿੱਤਣ ਤੋਂ ਬਾਅਦ ਵੀ ਉਹ ਤੁਹਾਡੇ ਵਿਚਕਾਰ ਹੀ ਰਹਿਣਗੇ ਅਤੇ ਤੁਹਾਡੀ ਖੁਸ਼ੀ-ਗਮੀ ਵਿੱਚ ਤੁਹਾਡਾ ਸਾਥ ਦੇਣਗੇ। ਸਾਡਾ ਉਦੇਸ਼ ਪੰਜਾਬ ਦੇ ਹਰ ਆਮ ਆਦਮੀ ਦਾ ਜੀਵਨ  ਖੁਸ਼ਹਾਲ ਬਣਾਉਣਾ ਹੈ।


ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ (Punjab Election 2022 ) ਲਈ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਅਤੇ ਪੰਜਾਬ ਦੀ ਲੀਡਰਸ਼ਿਪ ਦੇ ਨਾਲ -ਨਾਲ ਕੇਂਦਰੀ ਲੀਡਰਸ਼ਿਪ ਨੇ ਵੀ ਆਖਰੀ ਦਿਨ ਪੰਜਾਬ 'ਚ ਚੋਣ ਪ੍ਰਚਾਰ ਕੀਤਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ। ਹੁਣ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀ ਮੁਹੱਲਿਆਂ ਵਿੱਚ ਲਾਊਡ ਸਪੀਕਰਾਂ ਦੇ ਸ਼ੋਰ ਪ੍ਰਦੂਸ਼ਨ ਤੋਂ ਲੋਕਾਂ ਨੂੰ ਨਿਜਾਤ ਮਿਲੀ ਹੈ। ਹੁਣ ਪੋਲਿੰਗ ਪਾਰਟੀਆਂ ਸ਼ਨੀਵਾਰ 19 ਫਰਵਰੀ ਨੂੰ ਪੋਲਿੰਗ ਬੂਥਾਂ ਲਈ ਵੋਟ ਪ੍ਰਕਿਰਿਆਂ ਦਾ ਲੋੜੀਂਦਾ ਸਮਾਨ ਲੈ ਕੇ ਰਵਾਨਾ ਹੋਣਗੀਆਂ ਅਤੇ 20 ਫਰਵਰੀ ਵੋਟਾਂ ਪੈਣਗੀਆਂ।