Punjab Election: ਆਖਰ ਦੋ ਦਹਾਕਿਆਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਢਹਿ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਅਜੀਤਪਾਲ ਸਿੰਘ ਕੋਹਲੀ ਨੇ 19,873 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਕੈਪਟਨ ਦੇ ਸ਼ਾਹੀ ਪਰਿਵਾਰ ਦਾ ਪਟਿਆਲਾ ਸ਼ਹਿਰੀ ਹਲਕੇ ਵਿੱਚ 20 ਸਾਲਾਂ ਤੋਂ ਕਬਜ਼ਾ ਚੱਲਦਾ ਆ ਰਿਹਾ ਸੀ। ਇਸ ਦੇ ਨਾਲ ਹੀ ਕੈਪਟਨ ਦਾ ਸਿਆਸੀ ਭਵਿੱਖ ਦਾਅ 'ਤੇ ਲੱਗ ਗਿਆ ਹੈ ਕਿਉਂਕਿ ਉਨ੍ਹਾਂ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਖਾਤਾ ਵੀ ਨਾ ਖੋਲ੍ਹ ਸਕੀ।



ਦੱਸ ਦਈਏ ਕਿ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ਼ਾਹੀ ਘਰਾਣੇ ਨਾਲ ਸਬੰਧਤ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਤਹਿਤ ਚੋਣ ਲੜੀ ਸੀ। ਪਟਿਆਲਾ ’ਤੇ ਲਗਾਤਾਰ 20 ਸਾਲਾਂ ਤੋਂ ਕਾਬਜ਼ ਕੈਪਟਨ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਅਜੀਤਪਾਲ ਸਿੰਘ ਕੋਹਲੀ ਨੇ ਹਰਾਇਆ ਹੈ।

ਕੋਹਲੀ ਪਰਿਵਾਰ ਨੂੰ ਆਖ਼ਰੀ ਵਾਰ ਇਸ ਹਲਕੇ ਤੋਂ 1997 ’ਚ ਜਿੱਤ ਹਾਸਲ ਹੋਈ ਸੀ, ਜਿਸ ਦੌਰਾਨ ਸੁਰਜੀਤ ਸਿੰਘ ਕੋਹਲੀ ਜਿੱਤਣ ਮਗਰੋਂ ਵਜ਼ੀਰ ਬਣੇ ਸਨ। ਇਸ ਮਗਰੋਂ ਭਾਵੇਂ ਉਨ੍ਹਾਂ ਨੇ ਚੋਣਾਂ ਲੜੀਆਂ ਪਰ ਮੁੜ ਵਿਧਾਨ ਸਭਾ ਦੀਆਂ ਪੌੜੀਆਂ ਨਾ ਚੜ੍ਹ ਸਕੇ। ਉਹ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਕੋਲੋਂ ਹੀ ਹਾਰਦੇ ਰਹੇ ਪਰ ਐਤਕੀਂ ਅਜੀਤਪਾਲ ਕੋਹਲੀ ਨੇ ਕੈਪਟਨ ਨੂੰ ਹਰਾ ਕੇ ਵਿਧਾਇਕੀ ਮੁੜ ਕੋਹਲੀ ਪਰਿਵਾਰ ਦੇ ਦਰਾਂ ’ਤੇ ਲਿਆ ਕੇ ਖੜ੍ਹੀ ਕਰ ਦਿੱਤੀ।

ਉਂਝ 2002 ਤੋਂ 2017 ਤੱਕ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਉਮੀਦਵਾਰ ਵਜੋਂ ਹਰ ਵਾਰ ਇੱਥੋਂ ਚੋਣ ਲੜੀ, ਜਿਸ ਦੌਰਾਨ ਉਹ ਹਜ਼ਾਰਾਂ ਵੋਟਾਂ ਦੀ ਲੀਡ ਨਾਲ ਜਿੱਤਦੇ ਰਹੇ। ਮੁੱਖ ਮੰਤਰੀ ਹੋਣ ਦੇ ਬਾਵਜੂਦ ਹਲਕੇ ਦੀ ਸਾਰ ਨਾ ਲੈਣ ਕਾਰਨ ਇਸ ਵਾਰ ਪਟਿਆਲਾ ਵਾਸੀ ਅਮਰਿੰਦਰ ਸਿੰਘ ਕੋਲੋਂ ਖਫ਼ਾ ਸਨ, ਉਪਰੋਂ ਉਨ੍ਹਾਂ ਕਾਂਗਰਸ ਨਾਲੋਂ ਵੱਖ ਹੋ ਕੇ ਵੱਖਰੀ ਪਾਰਟੀ ਬਣਾ ਲਈ ਸੀ, ਜਿਸ ਕਾਰਨ ਲੋਕਾਂ ਨੇ ਐਤਕੀਂ ਕੈਪਟਨ ਖ਼ਿਲਾਫ਼ ਭੁਗਤ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਹੈ।