Punjab Election Result 2022: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਇਸ ਵਾਰ ਕਾਂਗਰਸ ਆਪਣੀ ਸੱਤਾ ਬਚਾਉਣ ਦੀ ਲੜਾਈ ਲੜ ਰਹੀ ਹੈ ਤੇ ਆਮ ਆਦਮੀ ਪਾਰਟੀ ਪੁਰਾਣੀਆਂ ਪਾਰਟੀਆਂ ਨੂੰ ਲਾਂਭੇ ਕਰਨ ਦੇ ਸੁਫਨੇ ਵੇਖ ਰਹੀ ਹੈ। ਐਗਜ਼ਿਟ ਪੋਲ ਨੇ ਆਮ ਆਦਮੀ ਪਾਰਟੀ ਨੂੰ ਬੜ੍ਹਤ ਦਿੱਤੀ ਹੈ ਪਰ ਅਸਲੀ ਤਸਵੀਰ ਅੱਜ ਸਾਹਮਣੇ ਆਏਗੀ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਚੋਣਾਂ ਹੋਈਆਂ ਸਨ।



ਨਜੀਤਿਆਂ ਤੋਂ ਪਹਿਲਾਂ ਜੇਕਰ 2017 ਦੀਆਂ ਚੋਣਾਂ ਉੱਪਰ ਨਜ਼ਰ ਮਾਰੀਏ ਤਾਂ ਕਾਂਗਰਸ ਪਾਰਟੀ ਨੇ 117 ਵਿੱਚੋਂ 77 ਸੀਟਾਂ ਜਿੱਤੀਆਂ ਸਨ। ਜਦਕਿ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਨੂੰ ਸਿਰਫ਼ 18 ਸੀਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਨੂੰ ਸਿਰਫ਼ 20 ਸੀਟਾਂ ਮਿਲੀਆਂ ਸੀ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੂੰ 38.5 ਫੀਸਦੀ, ਅਕਾਲੀ ਦਲ ਨੂੰ 25.5 ਫੀਸਦੀ, ਆਮ ਆਦਮੀ ਪਾਰਟੀ ਨੂੰ 23.7 ਫੀਸਦੀ, ਬੀਜੇਪੀ ਨੂੰ 5.4 ਫੀਸਦੀ ਤੇ ਹੋਰਾਂ ਨੂੰ 7.3 ਫੀਸਦੀ ਵੋਟ ਪਈ ਸੀ।

ਇਸ ਵਾਰ ਪੰਜਾਬ ਵਿੱਚ ਤ੍ਰਿਕੋਣਾ ਮੁਕਾਬਲਾ ਹੈ। ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਇੱਕ-ਦੂਜੇ ਨੂੰ ਟੱਕਰ ਦੇ ਰਹੇ ਹਨ। ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਮਿਲ ਕੇ ਚੋਣ ਲੜ ਰਹੀ ਹੈ ਪਰ ਹੁਣ ਤੱਕ ਦੇ ਸਰਵੇਖਣਾਂ ਮੁਤਾਬਕ ਦੌੜ ਤੋਂ ਬਾਹਰ ਹੈ।

ਕਿਸਾਨ ਅੰਦੋਲਨ ਕਰਕੇ ਭਾਜਪਾ-ਕੈਪਟਨ-ਢੀਂਡਸਾ ਗਠਜੋੜ ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਨੇ ਇਸ ਚੋਣ ਲਈ ਕਿਸੇ ਨਾਲ ਗੱਠਜੋੜ ਨਹੀਂ ਕੀਤਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਆਪਣੇ ਦਮ 'ਤੇ ਚੋਣ ਮੈਦਾਨ ਵਿੱਚ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਹੱਥ ਮਿਲਾ ਲਿਆ ਹੈ।

ਦੂਜੇ ਪਾਸੇ ਪਿਛਲੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਭਾਈਵਾਲ ਰਹੀ ਭਾਜਪਾ ਨੇ ਇਸ ਵਾਰ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਗੱਠਜੋੜ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਵੱਖ ਹੋ ਕੇ ਪੰਜਾਬ ਲੋਕ ਕਾਂਗਰਸ ਦਾ ਗਠਨ ਕਰ ਲਿਆ ਹੈ।