Punjab Election: ਰਾਮਪੁਰਾ ਫੂਲ ਹਲਕੇ ’ਚ ‘ਆਪ’ ਉਮੀਦਵਾਰ ਪੰਜਾਬੀ ਗਾਇਕ ਬਲਕਾਰ ਸਿੱਧੂ ਨੇ ਵੀ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਨੇ ਦੋ ਸਿਆਸੀ ਧੁਨੰਤਰਾਂ ਨੂੰ ਸਿਕਸ਼ਤ ਦੇ ਕੇ ਆਪਣੀ ਜਿੱਤ ਦਾ ਲੋਹਾ ਮੰਨਵਾਇਆ ਹੈ। ਬਲਕਾਰ ਸਿੱਧੂ ਨੇ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ 10,410 ਵੋਟਾਂ ਦੇ ਫ਼ਰਕ ਨਾਲ ਹਰਾਇਆ।



ਦੱਸ ਦਈਏ ਕਿ ਬਲਕਾਰ ਸਿੰਧੂ ਨੂੰ 56,155 ਵੋਟਾਂ ਤੇ ਸਿਕੰਦਰ ਸਿੰਘ ਮਲੂਕਾ ਨੂੰ 45,386 ਵੋਟਾਂ ਮਿਲੀਆਂ। ਇਸੇ ਹਲਕੇ ’ਚ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ 28,185 ਵੋਟਾਂ ਪਈਆਂ। ਬਲਕਾਰ ਸਿੱਧੂ ਵੱਲੋਂ ਦੋ ਸਾਬਕਾ ਮੰਤਰੀਆਂ ਨੂੰ ਹਰਾਉਣ ਨਾਲ ਉਨ੍ਹਾਂ ਦਾ ਸਿਆਸੀ ਕੱਦ ਕਾਫੀ ਵਧ ਗਿਆ ਹੈ।

ਇਸੇ ਤਰ੍ਹਾਂ ਖਰੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਤੇ ਗਾਇਕਾ ਅਨਮੋਲ ਗਗਨ ਮਾਨ ਨੇ ਇਤਿਹਾਸ ਰਚਿਆ ਹੈ। ਉਨ੍ਹਾਂ ਨੇ 37,885 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੂੰ 78,273 ਵੋਟਾਂ ਪ੍ਰਾਪਤ ਹੋਈਆਂ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ 40,388, ਕਾਂਗਰਸ ਦੇ ਵਿਜੇ ਕੁਮਾਰ ਟਿੰਕੂ ਨੂੰ 25,291 ਤੇ ਭਾਜਪਾ ਦੇ ਕਮਲਦੀਪ ਸੈਣੀ ਨੂੰ 15,249 ਵੋਟਾਂ ਪ੍ਰਾਪਤ ਹੋਈਆਂ।


ਦੱਸ ਦਈਏ ਕਿ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ’ਚ ਇੱਕੋ ਪਾਰਟੀ ਨੂੰ ਬਹੁਮੱਤ ਦੇਣ ਦੀ ਰਵਾਇਤ ਕਾਇਮ ਰੱਖਦਿਆਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ 92 ਸੀਟਾਂ ਪਾ ਦਿੱਤੀਆਂ ਹਨ। ਸੂਬੇ ਦੇ ਰਾਜਨੀਤਕ ਇਤਿਹਾਸ ਵਿੱਚ ਪਹਿਲੀ ਵਾਰੀ ਕਿਸੇ ਇੱਕ ਧਿਰ ਵੱਲੋਂ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਠਿੱਬੀ ਲਾ ਕੇ ਹੂੰਝਾ ਫੇਰੂ ਜਿੱਤ ਦਰਜ ਕੀਤੀ ਗਈ ਹੈ। ਪੰਜਾਬੀ ਸੂਬੇ ਦੇ ਹੋਂਦ ’ਚ ਆਉਣ ਮਗਰੋਂ ਪਹਿਲੀ ਵਾਰੀ ਕਿਸੇ ਧਿਰ ਨੂੰ ਰਿਕਾਰਡ ਬਹੁਮਤ ਮਿਲਿਆ ਹੈ।