Punjab Elections 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਬਰਨਾਲਾ ਪਹੁੰਚੇ। ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ ਦੇ ਲੋਕ ਇਕ ਪਾਸੇ ਹੋ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਨੂੰ ਹੀ ਜਿਤਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਬਰਨਾਲਾ ਤੋਂ ਮਨੀਸ਼ ਬਾਂਸਲ ਅਤੇ ਭਦੌੜ ਤੋਂ ਦੋਵੇਂ ਭਰਾਵਾਂ ਦੇ ਜਿੱਤ ਦਾ ਝੰਡਾ ਲਹਿਰਾ ਕੇ ਮਾਲਵੇ ਦਾ ਪਾਸਾ ਵੱਟਣਾ ਹੈ।



ਕੇਜਰੀਵਾਲ ਦੀ ਪਤਨੀ ਲਈ ਦਿੱਤਾ ਵੱਡਾ ਬਿਆਨ- ਅਰਵਿੰਦ ਕੇਜਰੀਵਾਲ ਦੀ ਪਤਨੀ ਵੱਲੋਂ ਪੰਜਾਬ 'ਚ ਚੋਣ ਪ੍ਰਚਾਰ ਕਰਨ ਦੇ ਮੁੱਦੇ 'ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਦੀ ਪਤਨੀ ਦੀ ਨਜ਼ਰ ਪੰਜਾਬ 'ਤੇ ਹੈ ਅਤੇ ਉਹ ਪੰਜਾਬ ਦੀ ਮੁੱਖ ਮੰਤਰੀ ਬਣਨਾ ਚਾਹੁੰਦੀ ਹੈ।



CM ਚੰਨੀ 'ਤੇ ਕੈਪਟਨ ਦਾ ਹਮਲਾ
ਕੈਪਟਨ ਅਮਰਿੰਦਰ ਸਿੰਘ (Captain Amrinder Singh) ਵੱਲੋਂ ਚੰਨੀ ਸਰਕਾਰ 'ਤੇ ਹਮਲਾ ਕਰਕੇ ਕਰੋੜਾਂ ਰੁਪਏ ਬਰਬਾਦ ਕਰਨ ਦੇ ਸਵਾਲ 'ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਕਿਹਾ ਜਾਂਦਾ ਸੀ ਕਿ ਖਜ਼ਾਨਾ ਖਾਲੀ ਹੈ। ਪਰ ਹੁਣ ਮੇਰੀ ਸਰਕਾਰ ਲੋਕਾਂ ਲਈ ਬਿਹਤਰ ਕੰਮ ਕਰ ਰਹੀ ਹੈ। ਜੇਕਰ ਪਾਣੀ ਦੇ ਬਿੱਲ ਮੁਆਫ਼ ਕਰਨਾ, ਬਿਜਲੀ ਦਰਾਂ ਘਟਾਉਣਾ, ਪੈਟਰੋਲ ਦੇ ਰੇਟ ਘਟਾਉਣਾ ਫਜ਼ੂਲਖ਼ਰਚੀ ਹੈ ਤਾਂ ਮੈਂ ਇਸ ਬਰਬਾਦੀ ਨੂੰ ਸਵੀਕਾਰ ਕਰਦਾ ਹਾਂ।
ਭਗਵੰਤ ਮਾਨ ਅਨਪੜ੍ਹਤਾ ਦਾ ਸ਼ਿਕਾਰ 



ਭਗਵੰਤ ਮਾਨ 'ਤੇ ਵਾਰ ਕਰਦਿਆਂ ਸੀਐੱਮ ਚੰਨੀ ਦਾ ਕਹਿਣਾ ਸੀ ਕਿ ਭਗਵੰਤ ਮਾਨ ਅਨਪੜ੍ਹਤਾ ਦਾ ਸ਼ਿਕਾਰ ਹੈ। ਮੇਰੀ 1 ਕਰੋੜ 16 ਲੱਖ ਦੀ ਜਾਇਦਾਦ ਨੂੰ 169 ਕਰੋੜ ਦੱਸ ਕੇ ਝੂਠ ਬੋਲਿਆ। ਉਹਨਾਂ ਕਿਹਾ ਕਿ ਭਗਵੰਤ ਮਾਨ ਆਪਣੀ ਜਾਇਦਾਦ ਨੂੰ ਮੇਰੀ ਜਾਇਦਾਦ ਨਾਲ ਬਦਲ ਦੇਵੇ। 



ਇਸ ਮੌਕੇ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਨੇ ਕਿਹਾ ਕਿ ਅੱਜ ਚਰਨਜੀਤ ਚੰਨੀ ਜੀ ਬਰਨਾਲਾ ਪਹੁੰਚੇ। ਉਸਦੇ ਨਾਲ ਆਉਣ ਨਾਲ ਬਰਨਾਲਾ ਦੇ ਲੋਕਾਂ ਵਿੱਚ ਆਸ ਦੀ ਕਿਰਨ ਜਗਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਨਗੇ।

 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin