ਰਵਨੀਤ ਕੌਰ ਦੀ ਰਿਪੋਰਟ 

 Punjab Elections Result 2022 : ਸੀਐਮ ਚਰਨਜੀਤ ਸਿੰਘ ਚੰਨੀ (CM Charanjit Singh) ਨੇ ਗਿਣਤੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੋਪੜ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਪੰਜਾਬ ਵਿਧਾਨ ਸਭਾ ਚੋਣਾਂ (Punjab Elections 2022) ਦੇ ਨਤੀਜੇ ਅੱਜ ਐਲਾਨੇ ਜਾਣਗੇ। ਗੌਰਤਲਬ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਐਗਜ਼ਿਟ ਪੋਲ 'ਚ ਸਰਕਾਰ ਬਣਾਉਣ ਦੇ ਕਰੀਬ ਦਿਖਾਇਆ ਗਿਆ ਹੈ। ਜਦਕਿ ਕਾਂਗਰਸ ਲਗਾਤਾਰ ਸੱਤਾ 'ਚ ਵਾਪਸੀ ਦਾ ਦਾਅਵਾ ਕਰ ਰਹੀ ਹੈ।



ਭਾਰਤ 'ਚ ਪੰਜਾਬ ਸਣੇ ਪੰਜ ਸੂਬਿਆਂ ਦੇ ਨਤੀਜੇ ਐਲਾਨੇ ਜਾਣਗੇ। ਮਨੀਪੁਰ, ਗੋਆ, ਉੱਤਰਾਖੰਡ, ਪੰਜਾਬ ਤੇ ਯੂਪੀ ਦੀਆਂ ਚੋਣਾਂ ਦਾ ਨਜੀਤਾ ਵੀ ਅੱਜ ਐਲਾਨਿਆ ਜਾਵੇਗਾ ਪਰ ਇਸ ਵਿਚਾਲੇ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਦੇ ਨਤੀਜੇ 'ਤੇ ਅਟਕੀਆਂ ਹੋਈਆਂ ਹਨ। ਕਿਉਂਕਿ ਪੰਜਾਬ 'ਚ ਇਸ ਵਾਰ ਚੋਣਾਂ ਨੂੰ ਕਾਫੀ ਦਿਲਚਸਪ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਪਾਰਟੀ ਦੇ ਕਈ ਆਗੂ ਨੇ ਗੁਰਦੁਆਰਿਆਂ ਤੇ ਮੰਦਰਾਂ 'ਚ  ਮੱਥਾ ਟੇਕ ਕੇ ਜਿੱਤ ਲਈ ਅਰਦਾਸ ਕਰ ਰਹੇ ਹਨ।


ਇਸ ਦੌਰਾਨ ਭਗਵੰਤ ਮਾਨ ਨੇ ਸਰਕਾਰ ਬਣਾਉਣ ਦਾ ਦਾਅਵਾ ਵੀ ਕੀਤਾ ਹੈ।ਉਧਰ ਵਿਰੋਧ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ 85-100 ਸੀਟਾਂ ਤੱਕ ਜਿੱਤਣ ਦਾ ਦਾਅਵਾ ਵੀ ਕੀਤਾ ਹੈ। ਦੱਸ ਦੇਈਏ ਕਿ ਠੀਕ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਏਗੀ।ਜਿਸ ਤੋਂ ਬਾਅਦ ਸਾਰੀ ਸਥਿਤੀ ਸਾਫ ਹੋ ਜਾਏਗੀ ਕਿ ਆਖਰ ਕੌਣ ਹੋਏਗਾ ਪੰਜਾਬ ਦਾ ਅਗਲਾ ਮੁੱਖ ਮੰਤਰੀ।


ਐਗਜ਼ਿਟ ਪੋਲ (Exit Poll) ਨੇ ਆਮ ਆਦਮੀ ਪਾਰਟੀ ਨੂੰ ਬੜ੍ਹਤ ਦਿੱਤੀ ਹੈ ਪਰ ਅਸਲੀ ਤਸਵੀਰ ਅੱਜ ਸਾਹਮਣੇ ਆਏਗੀ। ਪੰਜਾਬ ਵਿਧਾਨ ਸਭਾ (Punjab Vidhan Sabha) ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਚੋਣਾਂ ਹੋਈਆਂ ਸਨ।


ਇਸ ਵਾਰ ਪੰਜਾਬ ਵਿੱਚ ਤ੍ਰਿਕੋਣਾ ਮੁਕਾਬਲਾ ਹੈ। ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਇੱਕ-ਦੂਜੇ ਨੂੰ ਟੱਕਰ ਦੇ ਰਹੇ ਹਨ। ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਮਿਲ ਕੇ ਚੋਣ ਲੜ ਰਹੀ ਹੈ ਪਰ ਹੁਣ ਤੱਕ ਦੇ ਸਰਵੇਖਣਾਂ ਮੁਤਾਬਕ ਦੌੜ ਤੋਂ ਬਾਹਰ ਹੈ।


ਕਿਸਾਨ ਅੰਦੋਲਨ ਕਰਕੇ ਭਾਜਪਾ-ਕੈਪਟਨ-ਢੀਂਡਸਾ ਗਠਜੋੜ ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਨੇ ਇਸ ਚੋਣ ਲਈ ਕਿਸੇ ਨਾਲ ਗੱਠਜੋੜ ਨਹੀਂ ਕੀਤਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਆਪਣੇ ਦਮ 'ਤੇ ਚੋਣ ਮੈਦਾਨ ਵਿੱਚ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਹੱਥ ਮਿਲਾ ਲਿਆ ਹੈ।


ਦੂਜੇ ਪਾਸੇ ਪਿਛਲੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਭਾਈਵਾਲ ਰਹੀ ਭਾਜਪਾ ਨੇ ਇਸ ਵਾਰ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਗੱਠਜੋੜ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਵੱਖ ਹੋ ਕੇ ਪੰਜਾਬ ਲੋਕ ਕਾਂਗਰਸ ਦਾ ਗਠਨ ਕਰ ਲਿਆ ਹੈ।