Punjab Elections Results 2022: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਨਤੀਜਿਆਂ ਦੇ ਐਲਾਨ ਤੋਂ ਇਕ ਦਿਨ ਬਾਅਦ ਅੱਜ ਕੈਬਨਿਟ ਦੀ ਮੀਟਿੰਗ ਬੁਲਾਈ ਹੈ। ਪੂਰੀ ਕੈਬਨਿਟ ਅੱਜ ਇਕੱਠੇ ਅਸਤੀਫਾ ਦੇ ਸਕਦੀ ਹੈ। ਇਸ ਦੇ ਨਾਲ ਹੀ ਚੰਨੀ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦੇਣਗੇ।
ਬੀਤੇ ਦਿਨ ਆਏ ਚੋਣ ਨਤੀਜਿਆਂ 'ਚ ਕਾਂਗਰਸ ਨੂੰ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਹਨਾਂ ਚੋਣਾਂ 'ਚ ਕਾਂਗਰਸ ਸਿਰਫ 18 ਸੀਟਾਂ ਤੱਕ ਸੀਮਤ ਰਹਿ ਗਈ ਹੈ। 111 ਦਿਨ ਮੁੱਖ ਮੰਤਰੀ ਦੀ ਕੁਰਸੀ 'ਤੇ ਕਾਬਜ ਰਹੇ ਚਰਨਜੀਤ ਸਿੰਘ ਚੰਨੀ ਦੋਨਾਂ ਹੀ ਸੀਟਾਂ ਤੋਂ ਹਾਰ ਗਏ। ਇਸ ਦੌਰਾਨ ਚੰਨੀ ਰਿਆਇਤਾਂ ਦੇ ਐਲਾਨ, ਪੂਰੇ ਪੰਨੇ ਦੇ ਇਸ਼ਤਿਹਾਰ ਅਤੇ ਹਾਕੀ ਖੇਡਾਂ ਵਿੱਚ ਸ਼ਮੂਲੀਅਤ ਕਰਕੇ ਚਰਚਾ ਵਿੱਚ ਰਹੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੇ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਂਭੇ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ, ਨੇ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਖੁਦ ਨੂੰ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸ ਨੇ ਚੰਨੀ ਨੂੰ ਚੁਣ ਲਿਆ।
ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਦੇ ਰੂਪ 'ਚ ਉਨ੍ਹਾਂ ਦੀ ਸਾਖ ਮਦਦ ਕਰਦੀ ਦਿਖੀ , ਕਿਉਂਕਿ ਸੂਬੇ ਦੀ 30 ਫੀਸਦੀ ਤੋਂ ਵੱਧ ਆਬਾਦੀ ਦਲਿਤ ਹੈ। ਕਾਂਗਰਸ ਨੇ ਚੰਨੀ ਨੂੰ ਦੋ ਸੀਟਾਂ-ਰੂਪਨਗਰ ਦੇ ਚਮਕੌਰ ਸਾਹਿਬ ਅਤੇ ਬਰਨਾਲਾ ਦੇ ਭਦੌੜ ਤੋਂ ਉਮੀਦਵਾਰ ਬਣਾਇਆ ਹੈ। ਇਸ ਤੋਂ ਸਪੱਸ਼ਟ ਹੋ ਗਿਆ ਕਿ ਕਾਂਗਰਸ ਉਨ੍ਹਾਂ 'ਤੇ ਕਿੰਨਾ ਭਰੋਸਾ ਕਰ ਰਹੀ ਸੀ।
ਉਹ ਸਾਲ 2003 ਵਿੱਚ ਖਰੜ ਨਗਰ ਕੌਂਸਲ ਦੇ ਪ੍ਰਧਾਨ ਬਣੇ ਸਨ। ਉਨ੍ਹਾਂ ਸਾਲ 2007 ਵਿੱਚ ਚਮਕੌਰ ਸਾਹਿਬ ਤੋਂ ਆਜ਼ਾਦ ਵਿਧਾਇਕ ਵਜੋਂ ਵਿਧਾਨ ਸਭਾ ਵਿੱਚ ਥਾਂ ਬਣਾਈ। ਸਾਲ 2012 ਵਿਚ ਉਹ ਇਸ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਜਿੱਤੇ ਅਤੇ ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਬਣੇ।