ਬਠਿੰਡਾ: ਪਟਿਆਲਾ-ਅੰਬਾਲਾ ਰੇਲ ਲਾਈਨਾਂ ਵਿਚਾਲੇ ਫਸੀ ਅਮਰਪੁਰਾ ਬਸਤੀ ‘ਚ ਤੰਗ ਜਿਹੀ ਗਲੀ ਨੰਬਰ ਇੱਕ ‘ਚ ਅੱਜ ਕੱਲ੍ਹਲੋਕਾਂ ਦੀ ਭੀੜ ਉਮੜੀ ਰਹਿੰਦੀ ਹੈ। ਇਨ੍ਹਾਂ ‘ਚ ਕਈ ਮੀਡੀਆ ਕਰਮੀ ਵੀ ਹਨ। ਜਿੱਥੇ ਇਹ ਭੀੜ ਲੱਗੀ ਹੈ, ਉੱਥੇ ਇੱਕ ਬੂਟ ਪਾਲਿਸ਼ ਕਰਨ ਵਾਲਾ ਨੌਜਵਾਨ ਸੰਨੀ ਰਹਿੰਦਾ ਹੈ। ਇਸ ਕਰਕੇ ਇਸ ਸਭ ਉੱਥੇ ਜਾ ਰਹੇ ਹਨ ਪਰ ਇਸ ਭੀੜ ਦਾ ਸੰਨੀ ਨੂੰ ਮਿਲਣ ਦਾ ਕਾਰਨ ਉਸ ਦੇ ਬੂਟ ਪਾਲਿਸ਼ ਕਰਨਾ ਨਹੀਂ ਸਗੋਂ ਇੰਡੀਅਨ ਆਈਡਲ-11 ‘ਚ ਧਮਾਕੇਦਾਰ ਐਂਟਰੀ ਹੈ ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਸ ਦੇ ਘਰ ‘ਚ ਦੋ ਭੈਣਾਂ ਤੇ ਵੱਡੀ ਭੈਣ ਦੀਆਂ ਦੋ ਬੱਚੀਆਂ ਵੀ ਹਨ। ਦਿਨ ਭਰ ਗੁਬਾਰੇ ਵੇਚਣ ਤੇ ਕੁਝ ਮੰਗ ਕੇ ਲਿਆਉਣ ਤੋਂ ਬਾਅਦ ਹੀ ਘਰ ‘ਚ ਖਾਣਾ ਬਣਦਾ ਹੈ। ਅੱਜਕਲ੍ਹ ਪਰਿਵਾਰ ਦੀਆਂ ਅੱਖਾਂ ਚਮਕ ਰਹੀਆਂ ਹਨ। ਸੰਨੀ ਦੀ ਮਾਂ ਸੋਮਾ ਦਾ ਕਹਿਣਾ ਹੈ, ‘ਬਥੇਰੇ ਦੁਖ ਝੱਲੇ ਹਨ। ਸੰਨੀ ਦੇ ਪਿਤਾ ਦੀ ਕੁਝ ਸਮਾਂ ਪਹਿਲ਼ਾਂ ਜੰਮੂ-ਕਸ਼ਮੀਰ ‘ਚ ਆਏ ਹੜ੍ਹ ‘ਚ ਮੌਤ ਹੋ ਗਈ। ਉਹ ਵੀ ਬੂਟ ਪਾਲਿਸ਼ ਕਰਦੇ ਸੀ। ਹੁਣ ਰੱਬ ਨੇ ਸਾਡੀ ਸੁਣੀ ਹੈ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।”
ਸੰਨੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੰਨੀ ਨੂੰ ਬਚਪਨ ਤੋਂ ਹੀ ਗਾਉਣਾ ਦਾ ਸ਼ੌਕ ਸੀ। ਉਸ ਨੇ ਕਿਹਾ ਸੀ ਕਿ ਇੱਕ ਦਿਨ ਮੈਂ ਅਜਿਹਾ ਕੰਮ ਕਰਾਂਗਾ ਜਿਸ ਨਾਲ ਪੈਸਾ ਵੀ ਆਵੇਗਾ ਤੇ ਨਾਂ ਵੀ ਹੋਵੇਗਾ।” ਸੰਨੀ ਦਿਨ ‘ਚ ਪਬੂਟ ਪਾਲਿਸ਼ ਕਰਦਾ ਤੇ ਰਾਤ ਨੂੰ ਗਾਣੇ ਦਾ ਰਿਆਜ਼ ਕਰਦਾ ਹੈ। ਬੇਸ਼ੱਕ 21 ਸਾਲਾ ਛੇਵੀਂ ਪਾਸ ਸੰਨੀ ਦਾ ਇੰਡੀਅਨ ਆਈਡਲ ਦਾ ਸਫਰ ਅਜੇ ਸ਼ੁਰੂ ਹੋਇਆ ਹੈ ਪਰ ਆਉਣ ਵਾਲੇ ਦਿਨਾਂ ‘ਚ ਕੀ ਹੋਵੇਗਾ ਕੀ ਨਹੀਂ, ਇਸ ਬਾਰੇ ਅਜੇ ਕੁਝ ਵੀ ਕਹਿਣਾ ਮੁਸ਼ਕਲ ਹੈ। ਸੰਨੀ ਦੀ ਗਾਇਕੀ ਨੇ ਤਿੰਨਾਂ ਜੱਜਾਂ ਨੇਹਾ ਕੱਕੜ, ਅਨੂੰ ਮਲਿਕ ਤੇ ਵਿਸ਼ਾਲ ਡਡਲਾਨੀ ਨੂੰ ਝੰਜੋੜ ਕੇ ਰੱਖ ਦਿੱਤਾ। ਨੇਹਾ ਨੇ ਤਾਂ ਉਸ ਨੂੰ ਇੱਕ ਲੱਖ ਦੀ ਆਰਥਿਕ ਮਦਦ ਵੀ ਦਿੱਤੀ ਹੈ।