ਮੁੰਬਈ: ਬਾਲੀਵੁੱਡ ਅਦਾਕਾਰਾ ਫ਼ਾਤਿਮਾ ਸਨਾ ਸ਼ੇਖ ਨੂੰ ਇੰਡਸਟਰੀ 'ਚ ਲੀਡ ਅਦਾਕਾਰਾ ਦੇ ਤੌਰ 'ਤੇ ਆਏ ਕੁਝ ਹੀ ਸਾਲ ਹੋਏ ਹਨ। ਇਨ੍ਹਾਂ ਕੁਝ ਸਾਲਾਂ 'ਚ ਹੀ ਅਦਾਕਾਰਾ ਨੇ ਆਪਣੇ ਲਈ ਖ਼ਾਸ ਥਾਂ ਬਣਾ ਲਈ ਹੈ। ਫ਼ਾਤਿਮਾ ਸਨਾ ਸ਼ੇਖ ਕਈ ਫ਼ਿਲਮਾਂ 'ਚ ਚਾਈਲਡ ਆਰਟਿਸ਼ਟ ਦੀ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ। ਉਹ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਡਸਟਰੀ ਦਾ ਹਿੱਸਾ ਰਹੀ ਹੈ।



ਉਹ 'ਇਸ਼ਕ', 'ਚਾਚੀ 420', 'ਵਨ ਟੂ ਕਾ ਫੋਰ' ਤੇ 'ਬੜੇ ਦਿਲਵਾਲਾ' ਵਰਗੀਆਂ ਫ਼ਿਲਮਾਂ 'ਚ ਚਾਈਲਡ ਆਰਟਿਸ਼ਟ ਵਜੋਂ ਨਜ਼ਰ ਆ ਚੁੱਕੀ ਹੈ। ਉਹ ਕਈ ਵੱਡੇ ਪ੍ਰੋਜੈਕਟਾਂ ਦਾ ਹਿੱਸਾ ਰਹਿ ਚੁੱਕੀ ਹੈ। ਇਹ ਅਦਾਕਾਰਾ ਇੱਕ ਵਾਰ ਫਿਰ ਵੱਡੀਆਂ ਫ਼ਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਦੱਸ ਦੇਈਏ ਕਿ ਸਾਲਾ 2016 'ਚ ਅਦਾਕਾਰਾ ਆਮਿਰ ਖ਼ਾਨ ਦੀ ਫ਼ਿਲਮ 'ਦੰਗਲ' 'ਚ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ 'ਠੱਗਸ ਆਫ਼ ਹਿੰਦੋਸਤਾਨ' ਦਾ ਹਿੱਸਾ ਬਣੀ।

ਹੁਣ ਅਦਾਕਾਰਾ 'ਸੂਰਜ 'ਤੇ ਮੰਗਲ ਭਾਰੀ' ਤੇ 'ਲੂਡੋ' ਵਰਗੀਆਂ ਫ਼ਿਲਮਾਂ ਦਾ ਹਿੱਸਾ ਬਣੇਗੀ। ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਆਪਣੇ ਸੰਘਰਸ਼ ਬਾਰੇ ਗੱਲ ਕੀਤੀ। ਫ਼ਾਤਿਮਾ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਇੱਥੋਂ ਤੱਕ ਕਿ ਫ਼ਿਲਮਾਂ ਪਾਉਣਾ ਵੀ ਉਸ ਲਈ ਆਸਾਨ ਨਹੀਂ ਸੀ।

ਅਦਾਕਾਰਾ ਨੇ ਇੰਟਰਵਿਊ 'ਚ ਦੱਸਿਆ ਕਿ 3 ਸਾਲ ਦੀ ਉਮਰ 'ਚ ਉਸ ਨਾਲ ਛੇੜਛਾੜ ਹੋਈ ਸੀ। ਇਹ ਔਰਤਾਂ ਲਈ ਇੱਕ ਕਲੰਕ ਵਾਂਗ ਹੈ ਕਿ ਉਹ ਇਸ ਬਾਰੇ ਕਦੇ ਗੱਲ ਕਰਨ ਦੇ ਯੋਗ ਨਹੀਂ ਹਨ। ਪਰ ਹੁਣ ਮੈਨੂੰ ਉਮੀਦ ਹੈ ਕਿ ਸਮਾਂ ਬਦਲ ਗਿਆ ਹੈ। ਹੁਣ ਸਾਰੇ ਦੇਸ਼ ਤੇ ਦੁਨੀਆਂ ਭਰ ਦੇ ਲੋਕਾਂ 'ਚ ਜਿਨਸੀ ਸ਼ੋਸ਼ਣ ਬਾਰੇ ਜਾਗਰੂਕਤਾ ਵਧੀ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਇਸ ਸਭ ਬਾਰੇ ਗੱਲ ਨਾ ਕਰੋ। ਲੋਕ ਗਲਤ ਸਮਝਣਗੇ।

ਕਾਸਟਿੰਗ ਕਾਊਚ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, "ਮੈਂ ਵੀ ਕਾਸਟਿੰਗ ਕਾਊਚ ਦਾ ਸਾਹਮਣਾ ਕਰ ਚੁੱਕੀ ਹਾਂ। ਜ਼ਿੰਦਗੀ 'ਚ ਇੱਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਸੈਕਸ ਕਰਨ ਨਾਲ ਤੁਹਾਨੂੰ ਨੌਕਰੀ ਮਿਲ ਜਾਵੇਗੀ। ਇਸ ਕਾਰਨ ਕਈ ਵਾਰ ਅਜਿਹਾ ਵੀ ਹੋਇਆ ਹੈ ਕਿ ਮੈਂ ਫ਼ਿਲਮਾਂ 'ਚ ਕੰਮ ਕਰਨ ਦੇ ਕਈ ਮੌਕੇ ਗੁਆ ਦਿੱਤੇ। ਇਹ ਕਈ ਵਾਰ ਹੋਇਆ ਹੈ ਕਿ ਮੈਂ ਕਿਸੇ ਫ਼ਿਲਮ ਦਾ ਹਿੱਸਾ ਹਾਂ ਤੇ ਮੈਨੂੰ ਇਸ ਲਈ ਕੱਢ ਦਿੱਤਾ ਗਿਆ ਕਿਉਂਕਿ ਮੇਰੀ ਥਾਂ ਕਿਸੇ ਹੋਰ ਨੂੰ ਕਾਨਫ਼ਰੰਸ ਕਾਰਨ ਰੱਖ ਲਿਆ ਗਿਆ।