ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਚੋਣਾਂ ਵਿੱਚ ਹਾਰ ਦੇ ਬਾਵਜੂਦ ਪੰਜਾਬ ਕਾਂਗਰਸ ਵਿੱਚ ਕਲੇਸ਼ ਖਤਮ ਨਹੀਂ ਹੋ ਰਿਹਾ। ਇਸ ਦਾ ਮੁੱਖ ਕਾਰਨ ਹੁਣ ਨਵਜੋਤ ਸਿੱਧੂ ਬਣੇ ਹੋਏ ਨਜ਼ਰ ਆ ਰਹੇ ਹਨ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿੰਦੇ ਹੀ ਆਪਣੀ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਲਈ ਮੁਸ਼ਕਲ ਬਣਦੇ ਰਹੇ ਹਨ। ਚੋਣਾਂ ਤੋਂ ਬਾਅਦ ਸਿੱਧੂ ਨਾ ਤਾਂ ਵਿਧਾਇਕ ਬਣ ਸਕੇ ਤੇ ਨਾ ਹੀ ਪ੍ਰਧਾਨਗੀ ਬਚਾ ਸਕੇ। ਹੁਣ ਉਹ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੁਣੌਤੀ ਬਣ ਰਹੇ ਹਨ। ਪ੍ਰਧਾਨਗੀ ਤੋਂ ਹਟਾਏ ਜਾਣ ਬਾਅਦ ਵੀ ਸਿੱਧੂ ਤਾਕਤ ਦਿਖਾਉਣ ਤੋਂ ਪਿੱਛੇ ਨਹੀਂ ਹਟ ਰਹੇ। ਇਸ ਕਾਰਨ ਕਾਂਗਰਸ ਹੁਣ ਚੋਣਾਂ ਤੋਂ ਪਹਿਲਾਂ ਵਾਲੀ ਵਿਵਾਦ ਦੀ ਸਥਿਤੀ ਵਿੱਚ ਆ ਗਈ ਹੈ।



ਦਰਅਸਲ ਮੁੱਖ ਮੰਤਰੀ ਦਾ ਚਿਹਰਾ ਨਾ ਬਣੇ ਤਾਂ ਸਿੱਧੂ ਗੁੱਸੇ 'ਚ ਆ ਕੇ ਘਰ ਬੈਠ ਗਏ। ਹਾਲਾਂਕਿ ਕਾਂਗਰਸ ਚੋਣ ਹਾਰ ਗਈ ਤਾਂ ਸੋਨੀਆ ਗਾਂਧੀ ਨੇ ਉਨ੍ਹਾਂ ਦਾ ਅਸਤੀਫਾ ਲੈ ਲਿਆ ਸੀ। ਇਸ ਦੇ ਬਾਵਜੂਦ ਉਹ ਪ੍ਰਧਾਨਗੀ ਨੂੰ ਬਚਾਉਣ ਲਈ ਸਰਗਰਮ ਹੋ ਗਏ ਤੇ ਸੂਬੇ ਦਾ ਦੌਰਾ ਕਰਕੇ ਕਾਂਗਰਸੀਆਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ। ਕਾਂਗਰਸ ਹਾਈਕਮਾਨ ਉਨ੍ਹਾਂ 'ਤੇ ਭਰੋਸਾ ਨਾ ਕਰ ਸਕੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਇਸ ਦੇ ਬਾਵਜੂਦ ਸਿੱਧੂ ਪਿੱਛੇ ਨਹੀਂ ਹਟੇ। ਉਹ ਲਗਾਤਾਰ ਕਾਂਗਰਸੀਆਂ ਨੂੰ ਮਿਲ ਕੇ ਪਾਰਟੀ ਨੂੰ ਆਪਣੀ ਤਾਕਤ ਦਿਖਾ ਰਹੇ ਹਨ।

ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਸਿੱਧੂ ਦੇ ਮੁੱਦੇ 'ਤੇ ਚੁੱਪ ਨਹੀਂ ਰਹਿ ਸਕਦੇ। ਪਹਿਲਾਂ ਉਨ੍ਹਾਂ ਕਿਹਾ ਕਿ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨਵਜੋਤ ਸਿੱਧੂ ਨੂੰ ਪਹਿਲੀ ਕਾਲ ਕੀਤੀ ਪਰ ਉਨ੍ਹਾਂ ਨੇ ਫ਼ੋਨ ਨਹੀਂ ਰੀਸੀਵ ਕੀਤਾ। ਇਸ ਤੋਂ ਬਾਅਦ ਜਲੰਧਰ ਪਹੁੰਚਣ 'ਤੇ ਉਨ੍ਹਾਂ ਨੂੰ ਸਵਾਲ ਹੋਇਆ ਤਾਂ ਵੜਿੰਗ ਨੇ ਕਿਹਾ ਕਿ ਸਿੱਧੂ ਸਾਹਬ ਦੇ ਇੱਥੇ ਆਉਣ ਦੀ ਕੋਈ ਤੁਕ ਨਹੀਂ ਬਣਦੀ। ਮੀਡੀਆ ਬੇਲੋੜਾ ਮਸਾਲਾ ਨਾ ਲਗਾਏ।

ਸਿੱਧੂ ਨੇ ਅਜੇ ਤੱਕ ਇਨ੍ਹਾਂ ਮੁੱਦਿਆਂ 'ਤੇ ਸਿੱਧੇ ਤੌਰ 'ਤੇ ਕੁਝ ਨਹੀਂ ਕਿਹਾ ਪਰ ਇਸ਼ਾਰਿਆਂ 'ਚ ਆਪਣੀ ਹਾਲਤ ਜ਼ਰੂਰ ਬਿਆਨ ਕਰ ਰਹੇ ਹਨ। ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਇਹ ਦੌਰ ਸਾਜ਼ਿਸ਼ਾਂ ਦਾ ਹੈ। ਇੱਥੇ 5 ਨੂੰ 500 ਤੇ 500 ਨੂੰ 5 ਬਣਾ ਦਿੱਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਹ ਅਜੇ ਵੀ ਪੰਜਾਬ ਦੇ ਵਿਕਾਸ ਦੀ ਨੀਤੀ 'ਤੇ ਕਾਇਮ ਹਨ। ਭਾਵੇਂ ਕੋਈ ਵੀ ਅਹੁਦਾ ਨਾ ਹੋਵੇ ਪਰ ਪੰਜਾਬ ਦੀ ਬਿਹਤਰੀ ਲਈ ਸਿਆਸਤ ਵਿੱਚ ਹੀ ਰਹਿਣਗੇ।