ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਲੋਕਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਹਰ ਵਰਗ ਨੂੰ 1 ਜੁਲਾਈ ਤੋਂ ਪੰਜਾਬ ਵਿਚ 300 ਯੂਨਿਟ ਮੁਫ਼ਤ ਬਿਜਲੀ ( Free Electricity Scheme) ਦੇਣ ਦਾ ਐਲਾਨ ਤਾਂ ਕਰ ਦਿੱਤਾ ਪਰ ਮੁਫ਼ਤ ਬਿਜਲੀ ਯੋਜਨਾ ਦੇ ਕਈ ਪੇਚ ਹਨ। ਹੁਣ ਪੰਜਾਬ ਦੇ ਹਰ ਖਪਤਕਾਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਮਿਲੇਗੀ। 

 

ਦਰਅਸਲ 'ਚ ਪੰਜਾਬ ਵਿੱਚ ਬਿਜਲੀ ਦਾ ਬਿੱਲ ਦੋ ਮਹੀਨਿਆਂ ਬਾਅਦ ਆਉਣ ਕਰਕੇ ਹਰ ਖਪਤਕਾਰ ਨੂੰ 600 ਯੂਨਿਟ ਬਿਜਲੀ ਮੁਫ਼ਤ ਮਿਲੇਗੀ ਪਰ ਜੇਕਰ ਜਨਰਲ ਕੈਟਾਗਰੀ ਦੇ ਲੋਕਾਂ ਦੀ ਖਪਤ ਇੱਕ ਯੂਨਿਟ ਤੋਂ ਵੀ 600 ਯੂਨਿਟ ਤੋਂ ਉੱਪਰ ਆਉਂਦੀ ਹੈ ਤਾਂ ਪੂਰਾ ਬਿੱਲ ਦੇਣਾ ਪਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਸੁਤੰਤਰਤਾ ਸੈਨਾਨੀਆਂ ਦੇ ਨਾਲ-ਨਾਲ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਵੀ ਵਿਸ਼ੇਸ਼ ਰਾਹਤ ਦਿੱਤੀ ਹੈ। 

 

ਜਾਣਕਾਰੀ ਅਨੁਸਾਰ ਦੋ ਕਿਲੋਵਾਟ ਤੋਂ ਘੱਟ ਬਿਜਲੀ ਕੁਨੈਕਸ਼ਨ ਵਾਲੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਅਤੇ ਸੁਤੰਤਰਤਾ ਸੈਨਾਨੀਆਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮਿਲੇਗਾ। ਇਨ੍ਹਾਂ ਵਰਗਾਂ ਦੇ ਲੋਕਾਂ ਨੂੰ ਦੋ ਮਹੀਨਿਆਂ ਵਿੱਚ ਪ੍ਰਾਪਤ ਹੋਏ ਬਿਜਲੀ ਦੇ ਬਿੱਲ ਵਿੱਚ 600 ਯੂਨਿਟ ਤੋਂ ਵੱਧ ਖਪਤ ਹੋਣ ’ਤੇ ਵਾਧੂ ਯੂਨਿਟਾਂ ਲਈ ਹੀ ਬਿਜਲੀ ਦਾ ਬਿੱਲ ਭਰਨਾ ਪਵੇਗਾ। ਦੱਸ ਦੇਈਏ ਕਿ ਪਹਿਲਾਂ ਇਨ੍ਹਾਂ ਵਰਗਾਂ ਦੇ ਲੋਕਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਮੁਫਤ ਬਿਜਲੀ ਮਿਲਦੀ ਸੀ।

 

 ਭਗਵੰਤ ਮਾਨ ਸਰਕਾਰ ਵੱਲੋਂ ਮਹੀਨਾ ਪੂਰਾ ਹੋਣ 'ਤੇ ਸ਼ਨੀਵਾਰ ਨੂੰ ਇੱਕ ਵੀਡੀਓ ਸੰਦੇਸ਼ ਰਾਹੀਂ ਮੁਫਤ ਬਿਜਲੀ ਸਕੀਮ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। SC, BC, BPL ਅਤੇ ਆਜ਼ਾਦੀ ਘੁਲਾਟੀਆਂ ਨੂੰ ਪਹਿਲਾਂ 200 ਯੂਨਿਟ ਮੁਫਤ ਬਿਜਲੀ ਮਿਲਦੀ ਸੀ ਪਰ ਹੁਣ ਇਹ ਵਧਾ ਕੇ 300 ਯੂਨਿਟ ਕਰ ਦਿੱਤੀ ਗਈ ਹੈ। ਹੁਣ ਲੋਕਾਂ ਨੂੰ ਦੋ ਮਹੀਨਿਆਂ ਵਿੱਚ 600 ਯੂਨਿਟ ਮੁਆਫ਼ ਕੀਤੇ ਜਾਣਗੇ। ਇਸ ਤੋਂ ਉੱਪਰ ਖਰਚ ਕੀਤੇ ਯੂਨਿਟਾਂ ਦੀ ਗਿਣਤੀ ਦਾ ਬਿੱਲ ਆਵੇਗਾ।