ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਆਈਪੀਐਸ ਅਫਸਰ ਗੁਰਪ੍ਰੀਤ ਸਿੰਘ ਭੁੱਲਰ ਦੀ ਤਾਇਨਾਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਥੋੜਾ ਭੰਬਲਭੂਸੇ ਵਿੱਚ ਨਜ਼ਰ ਆ ਰਹੀ ਹੈ।ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪਿਛਲੇ 10 ਦਿਨਾਂ 'ਚ ਤੀਜੀ ਵਾਰ IPS ਭੁੱਲਰ ਦਾ ਤਬਾਦਲਾ ਕੀਤਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਗੁਰਪ੍ਰੀਤ ਭੁੱਲਰ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਜਿਸ 'ਚ ਪਹਿਲਾਂ ਉਸ ਨੂੰ ਨਿਯੁਕਤ ਕੀਤਾ ਗਿਆ ਸੀ, ਹੁਣ ਇਕ ਤਬਾਦਲੇ ਤੋਂ ਬਾਅਦ ਦੁਬਾਰਾ ਉੱਥੇ ਤਾਇਨਾਤ ਕਰ ਦਿੱਤਾ ਅਤੇ ਇਸਦੇ ਨਾਲ ਹੀ ਰੋਪੜ ਰੇਂਜ ਦੇ ਡੀ.ਆਈ.ਜੀ ਦਾ ਵੀ ਵਾਧੂ ਚਾਰਜ ਦੇ ਦਿੱਤਾ।
ਦਰਅਸਲ, 7 ਅਪ੍ਰੈਲ 2022 ਨੂੰ ਗੁਰਪ੍ਰੀਤ ਭੁੱਲਰ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਸੀ।15 ਅਪ੍ਰੈਲ 2022 ਨੂੰ ਉਸ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਤੋਂ ਬਦਲ ਕੇ ਰੋਪੜ ਰੇਂਜ ਦਾ ਡੀ.ਆਈ.ਜੀ ਲਾਇਆ ਗਿਆ। ਅੱਜ 16 ਅਪ੍ਰੈਲ ਨੂੰ, ਸਰਕਾਰ ਨੇ ਉਨ੍ਹਾਂ ਨੂੰ ਦੁਬਾਰਾ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਡੀਆਈਜੀ ਨਿਯੁਕਤ ਕੀਤਾ। ਹੁਣ ਉਨ੍ਹਾਂ ਨੂੰ ਰੋਪੜ ਰੇਂਜ ਦੇ ਡੀਆਈਜੀ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
IPS ਗੁਰਪ੍ਰੀਤ ਸਿੰਘ ਭੁੱਲਰ ਦੇਸ਼ ਦੇ ਸਭ ਤੋਂ ਅਮੀਰ ਆਈਪੀਐਸ ਅਫਸਰਾਂ ਵਿੱਚੋਂ ਇੱਕ ਹਨ। ਇਸ ਤੋਂ ਇਲਾਵਾ, ਉਹ ਇੱਕ ਚੰਗੇ ਮੁਖਬਰ ਨੈੱਟਵਰਕ ਅਤੇ ਜਨਤਾ ਨਾਲ ਚੰਗੀ ਤਾਲਮੇਲ ਰੱਖਣ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਪੰਜਾਬ 'ਚ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਜਾਂ ਅਕਾਲੀ ਦਲ ਦੀ, ਉਹ ਹਮੇਸ਼ਾ ਵੱਡੇ ਸ਼ਹਿਰਾਂ 'ਚ ਵੱਡੇ ਅਹੁਦਿਆਂ 'ਤੇ ਤਾਇਨਾਤ ਰਹੇ ਹਨ। ਇੰਨਾ ਹੀ ਨਹੀਂ ਹੁਣ 'ਆਪ' ਦੀ ਸਰਕਾਰ ਆਉਣ 'ਤੇ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਸਭ ਤੋਂ ਅਹਿਮ ਗੈਂਗਸਟਰਾਂ ਨੂੰ ਖਤਮ ਕਰਨ ਦੇ ਕੰਮ ਲਈ ਚੁਣਿਆ ਹੈ।