ਮੁੰਬਈ: ਆਮਿਰ ਖ਼ਾਨ ਇਸ ਸਾਲ ਆਪਣੀ ਫ਼ਿਲਮ ‘ਠਗਸ ਆਫ ਹਿੰਦੁਸਤਾਨ’ ਨਾਲ ਧਮਾਕਾ ਕਰਨ ਵਾਲੇ ਹਨ। ਹਾਲ ਹੀ ਵਿੱਚ ਫਿਲਮ ਦਾ ਲੋਗੋ ‘ਹਈਆ ਹੋ’ ਮਿਊਜ਼ਿਕ ਨਾਲ ਰਿਲੀਜ਼ ਹੋਇਆ ਹੈ। ਇਸ ‘ਚ ਫ਼ਿਲਮ ਦੀ ਸਾਰੀ ਸਟਾਰ ਕਾਸਟ ਦੇ ਨਾਂ ਨਜ਼ਰ ਆ ਰਹੇ ਹਨ।
ਲੋਗੋ ਦੇ ਵੀਡੀਓ ਨੂੰ ਵੇਖ ਫ਼ਿਲਮ ਦੇ ਵੱਡੇ ਲੇਵਲ ਦਾ ਅਹਿਸਾਸ ਹੋ ਰਿਹਾ ਹੈ। ਲੋਗੋ ਨੂੰ ਫ਼ਿਲਮ ਦੇ ਲੀਡ ਐਕਟਰ ਆਮਿਰ ਖ਼ਾਨ ਨੇ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਤੇ ਲਿਖਿਆ ਹੈ, ‘ਠਗਸ ਆ ਰਹੇ ਹਨ, ‘ਠਗਸ ਆਫ ਹਿੰਦੁਸਤਾਨ’ 8 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਰਿਲੀਜ਼ ਦੀ ਖਾਸ ਗੱਲ ਹੈ ਕਿ 8 ਨਵੰਬਰ ਸ਼ੁੱਕਰਵਾਰ ਨਹੀਂ ਸਗੋਂ ਵੀਰਵਾਰ ਹੈ। 8 ਨਵੰਬਰ ਦੀਵਾਲੀ ਵਾਲੇ ਦਿਨ ਆਮਿਰ ਖ਼ਾਨ ਆਪਣੀ ਠੱਗ ਸੈਨਾ ਨਾਲ ਬਾਕਸਆਫਿਸ ਨੂੰ ਲੁੱਟਣ ਆ ਰਿਹਾ ਹੈ। ‘ਠਗਸ ਆਫ ਹਿੰਦੁਸਤਾਨ’ ਨੂੰ ਵਿਜੈ ਕ੍ਰਿਸ਼ਨਾ ਆਚਾਰੀਆ ਨੇ ਡਾਇਰੈਕਟ ਕੀਤਾ ਹੈ ਜਦੋਂਕਿ ਇਸ ਨੂੰ ਯਸ਼ਰਾਜ ਬੈਨਰ ਹੇਠ ਬਣਾਇਆ ਗਿਆ ਹੈ।
ਫ਼ਿਲਮ ਦਾ ਟ੍ਰੇਲਰ ਇਸੇ ਮਹੀਨੇ ਰਿਲੀਜ਼ ਕੀਤਾ ਜਾ ਸਕਦਾ ਹੈ ਜਿਸ ਨੂੰ ਯਸ਼ਰਾਜ ਦੇ 86ਵੇਂ ਜਨਮ ਦਿਨ ‘ਤੇ 27 ਸਤੰਬਰ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। ਫ਼ਿਲਮ ‘ਚ ਆਮਿਰ ਨਾਲ ਪਹਿਲੀ ਵਾਰ ਅਮਿਤਾਭ ਬੱਚਨ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ‘ਠਗਸ ਆਫ ਹਿੰਦੁਸਤਾਨ’ ‘ਚ ਕੈਟਰੀਨਾ ਕੈਫ ਤੇ ਫਾਤਿਮਾ ਸ਼ੇਖ ਵੀ ਮੁੱਖ ਰੋਲ ਅਦਾ ਕਰਨਗੀਆਂ।