ਡਰੱਗ ਮਾਮਲੇ ‘ਚ ਬਿੱਗ ਬੌਸ ਸਟਾਰ ਇਜਾਜ਼ ਖ਼ਾਨ ਗ੍ਰਿਫਤਾਰ
ਏਬੀਪੀ ਸਾਂਝਾ | 23 Oct 2018 01:23 PM (IST)
ਮੁੰਬਈ: ਬਿੱਗ ਬੌਸ ਦਾ ਸਾਬਕਾ ਪ੍ਰਤੀਯੋਗੀ ਤੇ ਬਾਲੀਵੁੱਡ ਐਕਟਰ ਇਜਾਜ਼ ਖ਼ਾਨ ਨੂੰ ਡਰੱਗ ਮਾਮਲੇ ‘ਚ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਜਾਜ਼ ਦੀ ਗ੍ਰਿਫਤਾਰੀ ਬੀਤੀ ਦੇਰ ਰਾਤ ਹੋਈ। ਉਸ ਕੋਲੋਂ ਪੁਲਿਸ ਨੇ ਅੱਠ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ‘ਤੇ ਬੈਨ ਲੱਗਿਆ ਹੋਇਆ ਹੈ। ਨਵੀਂ ਮੁੰਬਈ ਪੁਲਿਸ ਨੇ ਇਜਾਜ਼ ਖ਼ਾਨ ਨੂੰ ਬੇਲਾਪੁਰ ਦੇ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਇਜਾਜ਼ ਨੂੰ ਪੁਲਿਸ ਅੱਜ ਕੋਰਟ ‘ਚ ਪੇਸ਼ ਕਰੇਗੀ। ਜਦੋਂਕਿ ਨਵੀਂ ਮੁੰਬਈ ਪੁਲਿਸ ਇਜਾਜ਼ ਤੋਂ ਅਜੇ ਪੁੱਛਗਿਛ ਕਰ ਰਹੀ ਹੈ ਤੇ ਮਾਮਲੇ ਦੀ ਜੜ੍ਹ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਇਜਾਜ਼ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ‘ਚ ਆਏ ਹਨ। ਇਸ ਤੋਂ ਪਹਿਲਾਂ ਵੀ ਇਜਾਜ਼ 2016 ‘ਚ ਜੇਲ੍ਹ ਦੀ ਹਵਾ ਖਾ ਚੁੱਕਿਆ ਹੈ। ਉਸ ਸਮੇਂ ਇਜਾਜ਼ ‘ਤੇ ਇੱਕ ਔਰਤ ਨੂੰ ਅਸ਼ਲੀਲ ਮੈਸੇਜ ਤੇ ਕੁਝ ਵੀਡੀਓ ਭੇਜਣ ਦਾ ਇਲਜ਼ਾਮ ਕਾਰਨ ਆਈਪੀਸੀ ਦੀ ਧਾਰਾ 354 ਤੇ ਆਈਟੀ ਐਕਟ 66ਈ ਤਹਿਤ ਮਾਮਲਾ ਦਰਜ ਹੋਇਆ ਸੀ।