ਮੁੰਬਈ: ਸਲਮਾਨ ਖ਼ਾਨ ਦੀਆਂ ਹਿੱਟ ਜਾਂ ਵਧੀਆ ਫ਼ਿਲਮਾਂ ਦੀ ਲਿਸਟ ਤਿਆਰ ਕੀਤੀ ਜਾਵੇ ਤਾਂ ਉਸ ‘ਚ ‘ਤੇਰੇ ਨਾਮ’ ਫ਼ਿਲਮ ਦਾ ਨਾਂ ਸਭ ਤੋਂ ਉੱਤੇ ਆਏਗਾ। ਇਸ ਫ਼ਿਲਮ ਨੇ ਸਲਮਾਨ ਦਾ ਡੁੱਬਦਾ ਕਰੀਅਰ ਪਟਰੀ ‘ਤੇ ਲੈ ਆਂਦਾ ਸੀ। ਇਸੇ ਫ਼ਿਲਮ ਕਰਕੇ ਸਲਮਾਨ ਦੀ ਫੈਨ ਫੌਲੋਇੰਗ ਵਿੱਚ ਵੀ ਜ਼ਬਰਦਸਤ ਵਾਧਾ ਹੋਇਆ ਸੀ। 2003 ‘ਚ ਆਈ ਫ਼ਿਲਮ ‘ਤੇਰੇ ਨਾਮ’ ਨੂੰ 7 ਫ਼ਿਲਮਫੇਅਰ ਐਵਾਰਡ ਮਿਲੇ ਸੀ। ਫ਼ਿਲਮ ਦੀ ਕਹਾਣੀ ਦੇ ਨਾਲ ਫ਼ਿਲਮ ਦੇ ਗਾਣੇ ਤੇ ਸਲਮਾਨ ਦਾ ਕਿਰਦਾਰ ਰਾਧੇ ਵੀ ਲੋਕਾਂ ਦੇ ਦਿਲਾਂ ‘ਚ ਘਰ ਕਰ ਗਿਆ ਸੀ।
ਇਸ ਫ਼ਿਲਮ ਦਾ ਹੁਣ ਰੀਮੇਕ ਹੋਣ ਜਾ ਰਿਹਾ ਹੈ ਜਿਸ ‘ਚ ਸਲਮਾਨ ਰਾਧੇ ਦੇ ਰੋਲ ‘ਚ ਨਜ਼ਰ ਨਹੀਂ ਆਉਣਗੇ। ਉਨ੍ਹਾਂ ਦੀ ਥਾਂ ਫ਼ਿਲਮ ‘ਚ ਰਾਧੇ ਦਾ ਰੋਲ ਨਿਰਭੈਅ ਵਾਧਵਾ ਨੂੰ ਦਿੱਤਾ ਗਿਆ ਹੈ। ਨਿਰਭੈਅ ਵਾਧਵਾ ਇਸ ਤੋਂ ਪਹਿਲਾਂ ਟੀਵੀ ਸੀਰੀਅਲ ‘ਮਹਾਭਾਰਤ’ ਤੇ ‘ਕਿਆਮਤ ਕੀ ਰਾਤ’ ‘ਚ ਨਜ਼ਰ ਆ ਚੱਕੇ ਹਨ। ਦੋਵਾਂ ਸੀਰੀਅਲਾਂ ‘ਚ ਉਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਨਿਰਭੈਅ ਨੇ ਕਿਹਾ ਹੈ, "ਮੇਰੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਲੋਕ ਮੈਨੂੰ ਮਿਥਹਾਸਿਕ ਕਿਰਦਾਰਾਂ ਤੋਂ ਹਟ ਕੇ ਵੀ ਵੇਖਣਗੇ। ਹੁਣ ਔਡੀਅੰਸ ਮੇਰਾ ਉਹ ਰੂਪ ਵੀ ਦੇਖ ਸਕੇਗੀ ਜੋ ਉਨ੍ਹਾਂ ਨੇ ਕਦੇ ਵੀ ਨਹੀਂ ਦੇਖਿਆ। ਹੁਣ ਮੈਂ ਵੀ ਆਪਣੀ ਬੌਡੀ ਦਿਖਾ ਸਕਦਾ ਹਾਂ। ਜਿਵੇਂ ਹੀ ਇਹ ਆਫਰ ਮੇਰੇ ਕੋਲ ਆਇਆ, ਮੈਂ ਇਸ ਨੂੰ ਹਾਂ ਕਰ ਦਿੱਤੀ। ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਮੇਰਾ ਕੰਮ ਪਸੰਦ ਆਵੇਗਾ।"
ਫ਼ਿਲਮ ‘ਚ ਸਲਮਾਨ ਵੱਲੋਂ ਪਲੇਅ ਕੀਤੇ ਰਾਧੇ ਦੇ ਰੋਲ ਬਾਰੇ ਨਿਰਭੈਅ ਨੇ ਕਿਹਾ, "ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਹ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਸਲਮਾਨ ਮੇਰੇ ਲਈ ਪ੍ਰੇਰਨਾਸ੍ਰੋਤ ਹਨ। ਮੈਂ ਉਨ੍ਹਾਂ ਦੀਆਂ ਫ਼ਿਲਮਾਂ ਬਚਪਨ ਤੋਂ ਦੇਖਦਾ ਆਇਆ ਹਾਂ ਤੇ ਉਨ੍ਹਾਂ ਨੂੰ ਦੇਖ ਕੇ ਹੀ ਮੈਂ ਅਜਿਹੀ ਬੌਡੀ ਬਣਾਈ ਹੈ।" ਨਿਰਭੈਅ ਮੁਤਾਬਕ ‘ਤੇਰੇ ਨਾਮ’ ਦੇ ਰੀਮੇਕ ‘ਚ ਰਾਧੇ ਉਪਰੋਂ ਸਖ਼ਤ ਤੇ ਅੰਦਰੋਂ ਸੌਫਟ ਮਿਜ਼ਾਜ਼ ਦਾ ਹੋਵੇਗਾ। ਇਸ ਦੇ ਨਾਲ-ਨਾਲ ਇਸ ਵਾਰ ‘ਤੇਰੇ ਨਾਮ’ ‘ਚ ਵੱਡਾ ਬਦਲਾਅ ਵੀ ਹੋਣ ਵਾਲਾ ਹੈ। ਇਸ ਵਾਰ ਰਾਧੇ ਕਿਸੇ ਕੁੜੀ ਪਿੱਛੇ ਨਹੀਂ, ਸਗੋਂ ਕਿਸੇ ਹੋਰ ਚੀਜ਼ ਪਿੱਛੇ ਭੱਜਦਾ ਨਜ਼ਰ ਆਉਣ ਵਾਲਾ ਹੈ। ਇਸ ਦਾ ਖੁਲਾਸਾ ਸਕਰੀਨ ‘ਤੇ ਹੀ ਹੋਵੇਗਾ।