ਨਵੀਂ ਦਿੱਲੀ: ਤੇਲ ਕੰਪਨੀਆਂ ਨੇ ਅੱਜ ਇਕ ਵਾਰ ਫਿਰ ਕੀਮਤਾਂ 'ਚ ਰਿਕਾਰਡ ਤੋੜ ਵਾਧਾ ਕੀਤਾ ਹੈ। ਪੈਟਰੋਲ 'ਚ 22 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 'ਚ 18 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਇਜ਼ਾਫਾ ਕੀਤਾ ਗਇਆ। ਵਧੀਆਂ ਕੀਮਤਾਂ ਤੋਂ ਬਾਅਦ ਦਿੱਲੀ 'ਚ ਪੈਟਰੋਲ 83 ਰੁਪਏ 22 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 74 ਪੈਸੇ 42 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਪੰਜਾਬ 'ਚ ਪੈਟਰੋਲ ਸਭ ਤੋਂ ਵੱਧ ਮਹਿੰਗਾ ਮੁਹਾਲੀ ਚ 89 ਰੁਪਏ 38 ਪੈਸੇ ਪ੍ਰਤੀ ਲੀਟਰ ਹੈ ਜਦਕਿ ਲੁਧਿਆਣੇ 89 ਰੁਪਏ 8 ਪੈਸੇ ਪ੍ਰਤੀ ਲੀਟਰ ਹੈ। ਡੀਜ਼ਲ ਸਭ ਤੋਂ ਵੱਧ ਮਹਿੰਗਾ ਪਠਾਨਕੋਟ 'ਚ 74 ਰੁਪਏ 97 ਪੈਸੇ ਪ੍ਰਤੀ ਲੀਟਰ ਜਦਕਿ ਲੁਧਿਆਣਾ 'ਚ 74 ਰੁਪਏ 60 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਇੱਥੇ ਤੇਲ ਦੀਆਂ ਕੀਮਤਾਂ ਸਭ ਤੋਂ ਵੱਧ ਹਨ। ਪਰਮਣੀ 'ਚ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ 92 ਰੁਪਏ 31 ਪੈਸੇ ਤੱਕ ਪਹੁੰਚ ਗਈ ਹੈ ਜਦਕਿ ਡੀਜ਼ਲ 79 ਰੁਪਏ ਪ੍ਰਤੀ ਲੀਟਰ ਹੈ। ਤੇਲ ਦੀ ਸਭ ਤੋਂ ਘੱਟ ਕੀਮਤ ਪੋਰਟ ਬਲੇਅਰ 'ਚ ਹੈ ਜਿੱਥੇ ਇਕ ਲੀਟਰ ਪੈਟਰੋਲ 71 ਰੁਪਏ 58 ਪੈਸੇ ਪ੍ਰਤੀ ਲੀਟਰ ਹੈ।
ਸਰਕਾਰ ਤੇਲ ਦੀਆਂ ਵਧ ਰਹੀਆਂ ਕੀਮਤਾਂ ਪਿੱਛੇ ਅੰਤਰ-ਰਾਸ਼ਟਰੀ ਸਥਿਤੀ ਦੱਸ ਰਹੀ ਹੈ। ਟੈਕਸ 'ਚ ਕਟੌਤੀ ਦੇ ਸਵਾਲ 'ਤੇ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਬੁੱਧਵਾਰ ਕਿਹਾ ਕਿ ਇਸ ਤਰ੍ਹਾਂ ਦੀ ਕਟੌਤੀ ਨਾਲ ਸਥਾਈ ਰਾਹਤ ਨਹੀਂ ਮਿਲੇਗੀ ਕਿਉਂਕਿ ਫਿਲਹਾਲ ਅੰਤਰ-ਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਅਸਥਿਰਤਾ ਹੈ।