ਮੁੰਬਈ: ਇਸੇ ਸਾਲ ਮਾਰਚ ‘ਚ ਖ਼ਬਰ ਆਈ ਸੀ ਕਿ ਬਾਲੀਵੁੱਡ ਐਕਟਰਸ ਪੂਜਾ ਡਡਵਾਲ ਟੀਬੀ ਨਾਲ ਲੜ ਰਹੀ ਹੈ। ਜਿਸ ਲਈ ਉਸ ਨੇ ਆਪਣੇ ਬਾੱਲੀਵੁਡ ਫ੍ਰੈਂਡਸ ਤੋਂ ਮਦਦ ਮੰਗੀ ਸੀ। ਇਸ ਤੋਂ ਬਾਅਦ ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ, ਪੂਜਾ ਦੀ ਮਦਦ ਲਈ ਅੱਗੇ ਆਏ ਸਨ। ਸਲਮਾਨ ਖ਼ਾਨ ਦੀ ਮਦਦ ਅਤੇ ਦੁਆ ਤੋਂ ਬਾਅਦ ਹੁਣ ਪੂਜਾ ਦੀ ਸਹਤ ‘ਚ ਕਾਫੀ ਸੁਧਾਰ ਆਇਆ ਹੈ।
ਹੁਣ ਉਹ ਕਾਫੀ ਹੱਦ ਤਕ ਠੀਕ ਹੈ ਅਤੇ ਮੰਗਲਵਾਰ ਨੂੰ ਪੂਜਾ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ। ਪੂਜਾ ਨੇ ਇੱਕ ਵੈੱਬ ਪੋਰਟਲ ਦੇ ਨਾਲ ਗੱਲ ਕਰਦੇ ਹੋਏ, ‘ਮੈਂ ਦੱਸ ਨਹੀਂ ਸਕਦੀ ਕਿ ਇਸ ਸਮੇਂ ਮੈਂ ਕਿਵੇਂ ਦਾ ਮਹਿਸੂਸ ਕਰ ਰਹੀ ਹਾਂ। ਜਦੋਂ 2 ਮਾਰਚ ਨੂੰ ਮੈਨੂੰ ਹਸਪਤਾਲ ‘ਚ ਲਿਆਂਦਾ ਗਿਆ ਤਾਂ ਮੈਨੂੰ ਲੱਗਾ ਕਿ ਮੈਂ ਮਰ ਹੀ ਜਾਵਾਂਗੀ। ਮੈਂ ਸਰੀਰਕ ਤੌਰ ‘ਤੇ ਕਾਫੀ ਕਮਜ਼ੋਰ ਸੀ। ਮੈਂ ਆਪਣੇ ਸਾਹਮਣੇ ਲੋਕਾਂ ਨੂੰ ਇਸ ਬਿਮਾਰੀ ਨਾਲ ਮਰਦੇ ਦੇਖ ਰਹੀ ਸੀ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰਦਿਆਂ ਨੇ ਮੇਰੀ ਤਰ੍ਹਾਂ ਛੱਡ ਦਿੱਤਾ ਸੀ। ਜਦਕਿ ਮੈਂ ਫੈਸਲਾ ਕੀਤਾ ਸੀ ਕਿ ਮੈਂ ਇੰਝ ਨਹੀਂ ਮਰਾਂਗੀ ਅਤੇ ਮੈਂ ਇਸ ਬਿਮਾਰੀ ਨਾਲ ਲੜਾਂਗੀ।’
ਪੂਜਾ ਨੇ ਕਿਹਾ, ‘ਇਸ ਬਿਮਾਰੀ ਕਾਰਨ ਮੈਨੂੰ ਸਭ ਨੇ ਛੱਡ ਦਿੱਤਾ ਸੀ ਪਰ ਮੈਂ ਸਲਮਾਨ ਖ਼ਾਨ ਦਾ ਧੰਨਵਾਦ ਕਰਨਾ ਚਾਹੂੰਗੀ ਕਿ ਉਨ੍ਹਾਂ ਮੇਰੀ ਮਦਦ ਕੀਤੀ। ਮੇਰੇ ਇਲਾਜ਼ ਦਾ ਖ਼ਰਚਾ ਕੀਤਾ। ਜੇਕਰ ਅੱਜ ਮੈਂ ਜ਼ਿੰਦਾ ਹਾਂ ਤਾਂ ਉਨ੍ਹਾਂ ਦੇ ਕਾਰਨ ਹੀ ਹਾਂ।’ ਹੁਣ ਪੂਜਾ ਨੂੰ ਡਾਕਟਰਾਂ ਨੇ ਇੱਕ ਮਹੀਨਾ ਦਵਾਈ ਲੈਣ ਦੀ ਸਲਾਹ ਦਿੱਤੀ ਹੈ।