ਬਠਿੰਡਾ: ਹੌਸਲੇ ਬੁਲੰਦ ਹੋਣ ਤੇ ਮਨ ਵਿੱਚ ਕੁਝ ਕਰਨ ਦੀ ਇੱਛਾ ਤਾਂ ਕੁਝ ਵੀ ਨਾਮੁਮਕਿਨ ਨਹੀਂ। ਬਠਿੰਡਾ ਦੀ ਹੋਣਹਾਰ ਵਿਦਿਆਰਥਣ ਪ੍ਰਿਆ ਗਰਗ ਨੇ ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ। ਪ੍ਰਿਆ ਨੂੰ ਅਮਰੀਕਾ ਦੀ ਨਾਮਵਰ ਮੈਰੀਲੈਂਡ ਯੂਨੀਵਰਸਿਟੀ ਨੇ ਐਰੋਨੌਟੀਕਲ ਸਪੇਸ ਇੰਜਨੀਅਰਿੰਗ ਵਿੱਚ ਪੀਐਚਡੀ ਕਰਨ ਦਾ ਸੱਦਾ ਦਿੱਤਾ ਹੈ। ਇੰਨਾ ਹੀ ਨਹੀਂ, ਪੀਐਚਡੀ ਦੌਰਾਨ ਆਉਣ ਵਾਲਾ ਤਕਰੀਬਨ 30 ਲੱਖ ਰੁਪਏ ਦਾ ਸਾਲਾਨਾ ਖਰਚ ਵੀ ਯੂਨੀਵਰਸਿਟੀ ਹੀ ਚੁੱਕੇਗੀ।


ਕੌਮਾਂਤਰੀ ਪੱਧਰ 'ਤੇ ਵਿਦਿਰਥੀਆਂ ਦੇ ਮੁਕਾਬਲਿਆਂ ਵਿੱਚ ਇਹ ਮਾਣ ਹਾਸਲ ਕਰਨ ਵਾਲੀ ਪ੍ਰਿਆ ਪੰਜਾਬ ਦੀ ਇਕਲੌਤੀ ਵਿਦਿਆਰਥਣ ਹੈ। ਬਠਿੰਡਾ ਦੇ ਕਾਰੋਬਾਰੀ ਹੇਮਰਾਜ ਗਰਗ ਅਤੇ ਨਿਰਮਲਾ ਗਰਗ ਦੀ ਧੀ ਪ੍ਰਿਆ ਗਰਗ ਦਾ ਕਹਿਣਾ ਹੈ ਕੇ ਉਸਦੀ ਪ੍ਰੇਰਣਾ ਪੁਲਾੜ ਵਿਗਿਆਨੀ ਕਲਪਨਾ ਚਾਵਲਾ ਹੈ, ਜਿਸ ਦੇ ਦਰਸਾਏ ਰਾਹ 'ਤੇ ਚੱਲ ਕੇ ਹੀ ਉਹ ਆਪਣੇ ਸੁਫਨਿਆਂ ਨੂੰ ਉਡਾਣ ਦੇਣਾ ਚਾਹੁੰਦੀ ਹੈ।

ਪ੍ਰਿਆ ਨੇ ਆਪਣੀ ਸਫਲਤਾ ਦਾ ਸਿਹਰਾ ਮਾਪਿਆਂ ਸਿਰ ਬੰਨ੍ਹਦਿਆਂ ਕਿਹਾ ਕੇ ਉਨ੍ਹਾਂ ਮਾਰਗ ਦਰਸ਼ਕ ਬਣਨ ਕੇ ਉਸ ਨੂੰ ਇੱਥੇ ਤਕ ਪਹੁੰਚਾਇਆ। ਪ੍ਰਿਆ ਨੇ ਹੋਰਨਾਂ ਮਾਪਿਆਂ ਨੂੰ ਅਪੀਲ ਵੀ ਕੀਤੀ ਕਿ ਉਹ ਧੀਆਂ ਨੂੰ ਕੁੱਖ ਵਿੱਚ ਨਾ ਮਾਰਨ, ਸਗੋਂ ਉਨ੍ਹਾਂ ਨੂੰ ਵੀ ਪੁੱਤਾਂ ਵਾਂਗ ਅੱਗੇ ਵਧਣ ਵਿੱਚ ਪੂਰਾ ਸਹਿਯੋਗ ਦੇਣ।

ਆਪਣੀ ਧੀ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਿਆਂ ਪ੍ਰਿਆ ਦੇ ਪਿਤਾ ਹੇਮਰਾਜ ਗਰਗ ਦਾ ਕਹਿਣਾ ਸੀ ਕੇ ਪ੍ਰਿਆ ਬਚਪਨ ਤੋਂ ਹੀ ਪੜ੍ਹਾਈ ਵਿੱਚ ਹੋਣਹਾਰ ਵਿਦਿਆਰਥਣ ਹੈ ਤੇ ਉਨ੍ਹਾਂ ਨੂੰ ਮਾਣ ਹੈ ਕੇ ਉਨ੍ਹਾਂ ਦੀ ਧੀ ਨੇ ਉਨ੍ਹਾਂ ਦਾ ਨਾਂਅ ਰੌਸ਼ਨ ਕੀਤਾ ਹੈ।

Education Loan Information:

Calculate Education Loan EMI