ਨਵੀਂ ਦਿੱਲੀ: ਕਿਸਾਨ ਅੰਦੋਲਨ ਬਾਰੇ ਗਲਤ ਟਿੱਪਣੀਆਂ ਕਰਕੇ ਚਰਚਾ ਵਿੱਚ ਆਈ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੇ ਹੁਣ ਪੰਜਾਬੀ ਗਾਇਕ ਸਿੱਧੂ ਮੂਲੇਵਾਲਾ ਨਾਲ ਪੇਚਾ ਪਾ ਲਿਆ ਹੈ। ਪਾਇਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਪਰ ਵੀਡੀਓ ਪਾ ਕੇ ਸਿੱਧੂ ਮੂਸੇਵਾਲਾ ਉੱਪਰ ਕਈ ਇਲਜ਼ਾਮ ਲਾਏ ਹਨ।

ਪਾਇਲ ਨੇ ਵੀਡੀਓ 'ਚ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਗੰਨ ਕਲਚਰ ਨੂੰ ਪ੍ਰਮੋਟ ਕਰਦਾ ਹੈ ਤੇ ਖੁਦ ਨੂੰ ਪੰਜਾਬ ਦਾ ਸੰਜੇ ਦੱਤ ਦੱਸਦਾ ਹੈ। ਉਸ ਦੇ ਕੈਨੇਡਾ ਤੇ ਲੰਡਨ 'ਚ ਕਨੈਕਸ਼ਨ ਹਨ ਪਰ ਉਹ ਖੇਤੀ ਕਾਨੂੰਨਾਂ ਨੂੰ ਪੜ੍ਹੇ ਬਿਨਾਂ ਕਿਸਾਨ ਅੰਦੋਲਨ ਨੂੰ ਭੜਕਾ ਰਿਹਾ ਹੈ।


ਦਰਅਸਲ ਹਾਲ ਹੀ 'ਚ ਪਾਇਲ ਨੇ ਕਿਸਾਨ ਅੰਦੋਲਨ ਬਾਰੇ ਟਿੱਪਣੀਆਂ ਕੀਤੀਆਂ ਸੀ। ਉਹ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਖ਼ਿਲਾਫ਼ ਵੀ ਬੋਲੀ ਸੀ। ਪਾਇਲ ਨੂੰ ਸਿੱਧੂ ਦੀ ਇਸ ਗੱਲ 'ਤੇ ਗੁੱਸਾ ਹੈ ਕਿ ਉਸ ਨੇ ਦਿਲਜੀਤ ਦੋਸਾਂਝ ਦਾ ਸਮਰਥਨ ਕੀਤਾ ਹੈ ਤੇ ਉਸ ਦੀ ਵੀਡੀਓ ਦਾ ਵਿਰੋਧ।

ਪਾਇਲ ਨੇ ਇਹ ਵੀ ਕਿਹਾ ਕਿ ਉਸ ਨੇ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਨਹੀਂ ਕਿਹਾ, ਸਗੋਂ ਬਰਖਾ ਦੱਤ ਦੀ ਵੀਡੀਓ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ, ਜਿਸ 'ਚ ਕੁਝ ਲੋਕਾਂ ਵਲੋਂ ਖਾਲਿਸਤਾਨ ਦੇ ਨਾਅਰੇ ਲਗਾਏ ਜਾ ਰਹੇ ਸਨ।