ਚੰਡੀਗੜ੍ਹ: ਕਿਸਾਨ ਅੰਦੋਲਨ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਬੀਜੇਪੀ ਲੀਡਰਾਂ ਦੀ ਸ਼ਾਮਤ ਆ  ਗਈ ਹੈ। ਹੁਣ ਕਿਸਾਨਾਂ ਨੇ ਅਜਿਹੇ ਲੀਡਰਾਂ ਉੱਪਰ ਕਾਨੂੰਨੀ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਹੈ। ਪੰਜਾਬ ਦੇ ਕਿਸਾਨਾਂ ਨੇ ਤਿੰਨ ਲੀਡਰਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਨ੍ਹਾ ਵਿੱਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਤੇ ਬੀਜੇਪੀ ਲੀਡਰ ਰਾਮ ਮਾਧਵ ਸ਼ਾਮਲ ਹਨ। ਕਿਸਾਨਾਂ ਨੇ ਨੋਟਿਸ ਭੇਜ ਕੇ ਬੀਜੇਪੀ ਲੀਡਰਾਂ ਨੂੰ ਇਤਰਾਜ਼ਯੋਗ ਟਿੱਪਣੀਆਂ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ।

ਉਧਰ, ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰ ਰਹੀ ਹੈ।


ਦੱਸ ਦਈਏ ਕਿ ਅੰਮ੍ਰਿਤਸਰ ਦੇ ਕਿਸਾਨ ਜਸਕਰਨ ਸਿੰਘ ਬੰਦੇਸ਼ਾ ਨੇ ਗਿਰੀਰਾਜ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਿਆ ਤੇ ਉਸ ਤੋਂ ਇੱਕ ਇੰਟਰਵਿਊ ਲਈ ਮੁਆਫੀ ਦੀ ਮੰਗ ਕੀਤੀ। ਜਸਕਰਨ ਸਿੰਘ ਨੇ ਦਾਅਵਾ ਕੀਤਾ ਸੀ, ਕਿ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ "ਮੁਜ਼ਾਹਰੇ ਸਮੇਂ ਕਿਸਾਨਾਂ ਦੇ ਫਾਇਦੇ ਬਾਰੇ ਕੋਈ ਗੱਲਬਾਤ ਨਹੀਂ ਹੋਈ। "ਪ੍ਰਦਰਸ਼ਨਾਂ ਵਿਚ ਵਿਦੇਸ਼ੀ ਤਾਕਤਾਂ ਵੀ ਆ ਗਈਆਂ। ਵਿਰੋਧ ਪ੍ਰਦਰਸ਼ਨਾਂ ਵਿੱਚ ਖਾਲਿਸਤਾਨ ਤੇ ਸ਼ਰਜੀਲ ਇਮਾਮ ਦੇ ਪੋਸਟਰ ਲਾਏ ਜਾ ਰਹੇ ਹਨ।" ਇਸੇ ਤਰ੍ਹਾਂ ਜਲੰਧਰ ਦੇ ਕਿਸਾਨ ਰਮਨੀਕ ਸਿੰਘ ਰੰਧਾਵਾ ਤੇ ਸੰਗਰੂਰ ਦੇ ਕਿਸਾਨ ਸੁਖਵਿੰਦਰ ਸਿੰਘ ਸਿੱਧੂ ਨੇ ਕਾਨੂੰਨੀ ਨੋਟਿਸ ਭੇਜਿਆ ਹੈ।