ਮੁੰਬਈ: ਪਿਆਰ ਤੇ ਤਕਰਾਰ ਤਾਂ ਹਰ ਰਿਸ਼ਤੇ ‘ਚ ਹੀ ਹੂੰਦੀ ਹੈ ਪਰ ਕਦੇ ਆਪਣੇ ਪਿਆਰ ਲਈ ਫੇਮਸ ਹਾਲੀਵੁੱਡ ਦੀ ਜੋੜੀ ਏਂਜਲਿਨਾ ਜੌਲੀ ਅਤੇ ਬ੍ਰੈਡ ਪਿੱਟ ਦੋ ਸਾਲ ਪਹਿਲਾਂ ਵੱਖ ਹੋ ਗਏ ਸੀ। ਅੱਜ ਵੀ ਉਨ੍ਹਾਂ ਦੇ ਰਿਸ਼ਤੇ ‘ਚ ਕੁੜੱਤਣ ਵਧਦੀ ਹੀ ਜਾ ਰਹੀ ਹੈ। ਹੁਣ ਇੱਕ ਵਾਰ ਫੇਰ ਦੋਵਾਂ ਦਾ ਨਾਂਅ ਸੁਰਖੀਆਂ ‘ਚ ਆਇਆ ਹੈ ਕਿਉਂਕਿ ਏਂਜਲਿਨਾ ਨੇ ਫੇਰ ਆਪਣੇ ਸਾਬਕਾ ਪਤੀ ਵਿਰੁੱਧ ਬੱਚਿਆਂ ਦਾ ਖਰਚਾ ਨਾ ਦੇਣ ਦਾ ਕੇਸ ਦਰਜ ਕਰਵਾ ਦਿੱਤਾ ਹੈ।
ਮੰਗਲਵਾਰ ਨੂੰ ਏਂਜਲਿਨਾ ਦੇ ਵਕੀਲ ਨੇ ਕੋਰਟ ਨੂੰ ਕਿਹਾ ਕਿ ਬ੍ਰੈਡ ਪਿੱਟ ਨੇ ਕਰੀਬ ਡੇਢ ਸਾਲ ਤੋਂ ਬੱਚਿਆਂ ਦੀ ਦੇਖਭਾਲ ਲਈ ਕੋਈ ਖਾਸ ਪੈਸੇ ਨਹੀਂ ਦਿੱਤੇ। ਜਿਸ ਲਈ ਉਹ ਕੋਰਟ ਦੀ ਮਦਦ ਚਾਹੁੰਦੇ ਹਨ। ਬ੍ਰੈਡ ਅਤੇ ਏਂਜਲਿਨਾ ਦੇ 6 ਬੱਚੇ ਹਨ, 3 ਮੁੰਡੇ ਅਤੇ 3 ਕੁੜੀਆਂ।
ਖ਼ਬਰਾਂ ਨੇ ਕਿ ਏਂਜਲਿਨਾ ਦੀ ਇਸ ਸ਼ਿਕਾਈਤ ਤੋਂ ਬਾਅਦ ਬ੍ਰੈਡ ਪਿੱਟ ਨੇ ਆਪਣੇ ਵਕੀਲ ਨਾਲ ਮੁਲਾਕਾਤ ਕੀਤੀ ਹੈ। ਇਸ ਸਾਲ ਜੂਨ ‘ਚ ਬੱਚਿਆਂ ਨੂੰ ਰੱਖਣ ਸਬੰਧੀ ਦੋਵਾਂ ਦੀ ਤਕਰਾਰ ਕਾਫੀ ਵੱਧ ਗਈ ਸੀ। ਜੱਜ ਨੇ ਜੌਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਬਚਿਆਂ ਨੂੰ ਉਨ੍ਹਾਂ ਦੇ ਪਿਓ ਤੋਂ ਵੱਖ ਰੱਖਣਾ ਸਹੀ ਨਹੀਂ ਹੋਵੇਗਾ। ਜੇਕਰ ਦੋਵਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਹੀ ਆਪੋ-ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਹੁਣ ਅਦਾਲਤ ਦੇ ਮਸ਼ਵਰੇ ਤੋਂ ਬਾਅਦ ਦੇਖਣਾ ਹੋਵੇਗਾ ਕਿ ਦੋਵੇਂ ਕੀ ਫੈਸਲਾ ਲੈਂਦੇ ਹਨ।