ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਆਪਣੇ ਫੈਨਸ ਲਈ ਇੱਕ ਵੱਡਾ ਤੋਹਫਾ ਲੈ ਕੇ ਆਏ ਹਨ। ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਤੇ ਚਿੰਤਾਵਾਂ ਨੂੰ ਦੂਰ ਕਰਨ ਲਈ ਹਮੇਸ਼ਾ ਕਿਸੇ ਨਾ ਕਿਸੇ ਤਰ੍ਹਾਂ ਦੇ ਮਨੋਰੰਜਨ ਦੀ ਜ਼ਰੂਰਤ ਹੁੰਦੀ ਹੈ ਤੇ ਪੰਜਾਬੀ ਫਿਲਮ ਇੰਡਸਟਰੀ ਇਸ ਤਣਾਅ ਨੂੰ ਘੱਟ ਕਰਨ ਵਿੱਚ ਕਦੇ ਵੀ ਅਸਫਲ ਨਹੀਂ ਹੁੰਦੀ। ਆਏ ਦਿਨ ਕਿਸੇ ਨਾ ਕਿਸੇ ਨਵੀਂ ਫ਼ਿਲਮ ਦਾ ਐਲਾਨ ਹੁੰਦਾ ਹੈ ਤੇ ਦਰਸ਼ਕ ਫ਼ਿਲਮ ਦੀ ਰਿਲੀਜ਼ ਦੀ ਉਡੀਕ ਕਰਨ ਲੱਗ ਪੈਂਦੇ ਹਨ। ਫਿਲਮ ਦੇ ਐਲਾਨ ਤੋਂ ਲੈ ਕੇ ਰਿਲੀਜ਼ ਤੱਕ ਨਿਰਮਾਤਾ ਦਰਸ਼ਕਾਂ ਨੂੰ ਉਤਸੁਕ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ।ਆਪਣੀ ਫਿਲਮ 'ਕੋਕਾ' ਨਾਲ ਸਾਰਿਆਂ ਦਾ ਦਿਲ ਜਿੱਤਣ ਤੋਂ ਬਾਅਦ ਹੁਣ ਗੁਰਨਾਮ ਭੁੱਲਰ ਨੇ ਆਪਣੀ ਅਗਲੀ ਪੰਜਾਬੀ ਫਿਲਮ 'ਖਿਡਾਰੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਗੁਰਨਾਮ ਭੁੱਲਰ ਨੇ ਹੁਣ ਤੱਕ ਆਪਣੀਆਂ ਰੋਮਾਂਟਿਕ ਭੂਮਿਕਾਵਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ ਅਤੇ ਆਪਣੀ ਹਰ ਭੂਮਿਕਾ ਨੂੰ ਬਾਖੂਬੀ ਨਿਭਾਇਆ ਹੈ ਪਰ ਹੁਣ ਉਹ ਫਿਲਮ 'ਖਿਡਾਰੀ' 'ਚ ਇਕ ਵੱਖਰੇ ਰੂਪ 'ਚ ਨਜ਼ਰ ਆਉਣਗੇ। ਇਹ ਇੱਕ ਐਕਸ਼ਨ ਫਿਲਮ ਹੋਣ ਜਾ ਰਹੀ ਹੈ। ਫਿਲਹਾਲ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਐਕਸ਼ਨ ਸੀਨ ਕਰਦੇ ਸਮੇਂ ਗੁਰਨਾਮ ਭੁੱਲਰ ਕਿਹੋ ਜਿਹਾ ਦਿਖਾਈ ਦੇਵੇਗਾ ਅਤੇ ਉਹ ਕਿਸ ਤਰ੍ਹਾਂ ਦੀ ਖੇਡ ਖੇਡਦਾ ਨਜ਼ਰ ਆਵੇਗਾ? ਖੈਰ, ਇਸ ਲਈ ਸਾਨੂੰ ਫਿਲਮ ਦੇ ਟ੍ਰੇਲਰ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ। ਫਿਲਮ 'ਚ ਗੁਰਨਾਮ ਭੁੱਲਰ ਨਾਲ ਅਦਾਕਾਰ ਕਰਤਾਰ ਚੀਮਾ ਦੀ ਟੱਕਰ ਨਜ਼ਰ ਆਵੇਗੀ।

ਫਿਲਮ 'ਖਿਡਾਰੀ' 'ਚ ਗੁਰਨਾਮ ਭੁੱਲਰ ਨਾਲ ਸੁਰਭੀ ਜੋਤੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਸੁਰਭੀ ਜੋਤੀ ਨੇ ਕਈ ਪੰਜਾਬੀ ਅਤੇ ਹਿੰਦੀ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ ਹੈ ਅਤੇ ਫਿਲਮਾਂ ਜਿਵੇਂ ਕਿ ਨਾਗਿਨ ਵਿੱਚ ਬੇਲਾ ਸਹਿਗਲ, ਕਬੂਲ ਹੈ ਵਿੱਚ ਜ਼ੋਇਆ, ਕੋਈ ਲੋਟ ਕੇ ਆਇਆ ਹੈ ਵਿੱਚ ਗੀਤਾਂਜਲੀ ਦੀ ਭੂਮਿਕਾ ਨਿਭਾਈ ਹੈ। ਸੁਰਭੀ ਜੋਤੀ ਇੱਕ ਵਰਸੇਟਾਇਲ ਅਭਿਨੇਤਰੀ ਹੈ ਜੋ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਫਿਲਮ ਦੀ ਮਸ਼ਹੂਰ ਸਟਾਰ ਕਾਸਟ ਵਿੱਚ ਪ੍ਰਭ ਗਰੇਵਾਲ, ਲਖਵਿੰਦਰ ਲੱਖਾ, ਨਵਦੀਪ ਕਲੇਰ ਤੇ ਮਨਜੀਤ ਸਿੰਘ ਵਰਗੇ ਕਈ ਮਸ਼ਹੂਰ ਕਲਾਕਾਰ ਸ਼ਾਮਲ ਹਨ।

ਫਿਲਮ ਧੀਰਜ ਕੇਦਾਰਨਾਥ ਰਤਨ ਵੱਲੋਂ ਲਿਖੀ ਗਈ ਹੈ। ਇਹ ਮਾਨਵ ਸ਼ਾਹ ਵੱਲੋਂ ਨਿਰਦੇਸ਼ਿਤ ਕੀਤੀ ਜਾਵੇਗੀ ਤੇ ਪਰਮਜੀਤ ਚਾਲੀ (ਗੈਂਗਸ ਆਫ ਫਿਲਮਮੇਕਰਸ) ਤੇ ਰਵੀਸ਼ਿੰਗ ਐਂਟਰਟੇਨਮੈਂਟ ਵੱਲੋਂ ਨਿਰਮਿਤ ਕੀਤੀ ਜਾਵੇਗੀ।