ਮੁੰਬਈ: ਬਾਲੀਵੁੱਡ ਐਕਟਰ ਅਨੁਪਮ ਖੇਰ ਨੇ ਸ਼ੁੱਕਰਵਾਰ ਨੂੰ 'ਏ ਵੈੱਡਨੈੱਸਡੇਅ' ਦੇ ਕੋ-ਐਕਟਰ ਨਸੀਰੂਦੀਨ ਸ਼ਾਹ ਦੀ ਟਿੱਪਣੀ ਦਾ ਜਵਾਬ ਦਿੱਤਾ। ਸ਼ਾਹ ਨੇ ਖੇਰ ਨੂੰ 'ਜੋਕਰ' ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ। ਖੇਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਜ਼ੋਰਦਾਰ ਸਮਰਥਕ ਹਨ।


ਸ਼ਾਹ ਨੇ ਦ ਵਾਇਰ ਨੂੰ ਦਿੱਤੇ ਇੰਟਰਵਿਉ 'ਚ ਕਿਹਾ, “ਅਨੁਪਮ ਖੇਰ ਵਰਗੇ ਲੋਕ ਬੜਬੋਲੇ ਰਹੇ ਹਨ ਤੇ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਉਹ ਜੋਕਰ ਹਨ ਤੇ ਐਨਐਸਡੀ ਤੇ ਐਫਟੀਆਈਆਈ ਦਾ ਕੋਈ ਸਮਕਾਲੀ ਕਹਿ ਸਕਦਾ ਹੈ ਕਿ ਉਸ ਦਾ ਵਿਵਹਾਰ ਮਨੋਵਿਗਿਆਨਕ ਹੈ।” ਖੇਰ ਨੇ ਟਵਿੱਟਰ 'ਤੇ ਇੱਕ ਵੀਡੀਓ ਸੰਦੇਸ਼ ਰਾਹੀਂ ਇਸ ਦਾ ਜਵਾਬ ਦਿੱਤਾ।

ਖੇਰ ਨੇ ਕਿਹਾ, "ਹਾਲਾਂਕਿ ਮੈਂ ਤੁਹਾਡੇ ਬਾਰੇ ਕਦੇ ਬੁਰਾ ਨਹੀਂ ਕਿਹਾ, ਪਰ ਹੁਣ ਮੈਂ ਬੋਲਾਂਗਾ। ਇੰਨਾ ਹਾਸਲ ਕਰਨ ਤੋਂ ਬਾਅਦ ਤੁਸੀਂ ਆਪਣਾ ਪੂਰਾ ਜੀਵਨ ਨਿਰਾਸ਼ਾ 'ਚ ਬਿਤਾਇਆ। ਜੇ ਤੁਸੀਂ ਦਿਲੀਪ ਕੁਮਾਰ ਸਹਿਬ, ਅਮਿਤਾਭ ਬੱਚਨ, ਰਾਜੇਸ਼ ਖੰਨਾ, ਸ਼ਾਹਰੁਖ ਖ਼ਾਨ ਤੇ ਵਿਰਾਟ ਕੋਹਲੀ ਦੀ ਆਲੋਚਨਾ ਕਰ ਸਕਦੇ ਹੋ, ਤਾਂ ਮੈਨੂੰ ਵਿਸ਼ਵਾਸ ਹੈ ਕਿ ਮੈਂ ਦੁਬਾਰਾ ਸਹੀ ਕੰਪਨੀ 'ਚ ਹਾਂ।”


ਖੇਰ ਨੇ ਕਿਹਾ, “ਇਨ੍ਹਾਂ ਵਿੱਚੋਂ ਕਿਸੇ ਨੇ ਵੀ ਤੁਹਾਡੇ ਬਿਆਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਉਨ੍ਹਾਂ ਪਦਾਰਥਾਂ ਦਾ ਨਤੀਜਾ ਹੈ ਜੋ ਤੁਸੀਂ ਸਾਲਾਂ ਤੋਂ ਖਾ ਰਹੇ ਹੋ। ਤੁਸੀਂ ਸਹੀ ਤੇ ਗ਼ਲਤ ਦੇ ਫ਼ਰਕ ਨੂੰ ਨਹੀਂ ਜਾਣਦੇ।” ਉਨ੍ਹਾਂ ਕਿਹਾ, “ਤੁਸੀਂ ਜਾਣਦੇ ਹੋ ਮੇਰੇ ਲਹੂ 'ਚ ਕੀ ਹੈ? ਭਾਰਤ ਹੈ, ਇਸ ਨੂੰ ਸਮਝੋ।”

ਦੱਸ ਦੇਈਏ ਕਿ ਨਿਉਜ਼ ਪੋਰਟਲ ‘ਦ ਵਾਇਰ’ ਨੂੰ ਦਿੱਤੇ ਇੰਟਰਵਿਉ 'ਚ ਨਸੀਰੂਦੀਨ ਸ਼ਾਹ ਨੇ ਦੇਸ਼ ਭਰ 'ਚ ਸੀਏਏ ਦੇ ਵਿਰੋਧ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਦੀ ਚੁੱਪੀ 'ਤੇ ਹੈਰਾਨੀ ਜਤਾਈ ਸੀ। ਸੀਏਏ ਦੇ ਸਮਰਥਕ ਤੇ ਭਾਰਤੀ ਜਨਤਾ ਪਾਰਟੀ ਦੇ ਹਮਾਇਤੀ ਅਨੁਪਮ ਖੇਰ ਨੂੰ 'ਬੜਬੋਲਾ' ਕਿਹਾ ਸੀ।