ਨਵੀਂ ਦਿੱਲੀ: ਅਭਿਨੇਤਾ ਅਨੁਪਮ ਖੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਰਹੇ ਹਨ ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਇੱਕ ਮਜ਼ਬੂਤ ਡਿਫੈਂਡਰ ਵਜੋਂ ਜਾਣੇ ਜਾਂਦੇ ਹਨ ਪਰ ਉਨ੍ਹਾਂ ਮੌਜੂਦਾ ਕੋਵਿਡ ਸੰਕਟ ਲਈ ਸਰਕਾਰ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਵਿਡ ਸੰਕਟ ਵਿੱਚ ਫਿਸਲ ਗਈ ਅਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਜ਼ਰੂਰੀ ਹੈ। ਅਨੁਪਮ ਖੇਰ ਨੇ ਕਿਹਾ ਕਿ ਸਰਕਾਰ ਕਿਤੇ ਨਾ ਕਿਤੇ ਅਸਫਲ ਰਹੀ ਹੈ ਤੇ ਉਨ੍ਹਾਂ ਨੂੰ ਇਸ ਸਮੇਂ ਸਮਝ ਲੈਣਾ ਚਾਹੀਦਾ ਹੈ ਕਿ ਇਮੇਜ਼ ਬਣਾਉਣ ਨਾਲੋਂ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਜ਼ਰੂਰੀ ਹੈ।
ਅਨੁਪਮ ਖੇਰ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਇਹ ਗੱਲ ਕਹੀ ਹੈ। ਜਦੋਂ ਖੇਰ ਨੂੰ ਸਰਕਾਰ ਦਾ ਅਕਸ ਬਣਾਉਣ ਦੇ ਯਤਨਾਂ ਅਤੇ ਹਸਪਤਾਲਾਂ 'ਚ ਜ਼ਰੂਰੀ ਦਵਾਈਆਂ ਦੀ ਕਮੀ ਤੇ ਨਦੀਆਂ 'ਚ ਵਹਿ ਰਹੀਆਂ ਲਾਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਮੇਰੇ ਖ਼ਿਆਲ 'ਚ ਆਲੋਚਨਾ ਜ਼ਿਆਦਾਤਰ ਮਾਮਲਿਆਂ 'ਚ ਜਾਇਜ਼ ਹੈ ਤੇ ਸਰਕਾਰ ਲਈ ਇਸ ਜ਼ਰੂਰੀ ਹੈ ਕਿ ਉਹ ਇਸ ਮੌਕੇ, ਅਜਿਹਾ ਕੰਮ ਕਰੇ ਜਿਸ ਦੇ ਲਈ ਦੇਸ਼ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ। ਮੈਨੂੰ ਲਗਦਾ ਹੈ ਕਿ ਸਿਰਫ ਇੱਕ ਸੰਵੇਦਨਸ਼ੀਲ ਵਿਅਕਤੀ ਅਜਿਹੀ ਸਥਿਤੀ ਨਾਲ ਪ੍ਰਭਾਵਤ ਨਹੀਂ ਹੋਵੇਗਾ ..ਲਾਸ਼ਾਂ ਦਰਿਆਵਾਂ ਵਿਚ ਵਗ ਰਹੀ ਹੈ, ਪਰ ਦੂਜੀਆਂ ਰਾਜਨੀਤਿਕ ਪਾਰਟੀਆਂ ਵਲੋਂ ਵੀ ਇਸ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰਨਾ ਸਹੀ ਨਹੀਂ ਹੈ।”
ਖੇਰ ਨੇ ਕਿਹਾ ਕਿ "ਸਾਨੂੰ ਨਾਗਰਿਕਾਂ ਵਜੋਂ ਨਾਰਾਜ਼ ਹੋਣਾ ਚਾਹੀਦਾ ਹੈ ਅਤੇ ਜੋ ਵਾਪਰਿਆ ਹੈ ਉਸ ਲਈ ਸਰਕਾਰ ਨੂੰ ਜਵਾਬਦੇਹ ਠਹਿਰਾਉਣਾ ਮਹੱਤਵਪੂਰਨ ਹੈ।" ਅਨੁਪਮ ਖੇਰ ਦੀ ਸਰਕਾਰ ਬਾਇਹ ਰੇ ਟਿੱਪਣੀ ਬਹੁਤ ਸਾਰੇ ਲੋਕਾਂ ਲਈ ਹੈਰਾਨ ਕਰ ਵਾਲੀ ਹੈ। ਉਨ੍ਹਾਂ ਦੀ ਪਤਨੀ ਅਦਾਕਾਰ ਕਿਰਨ ਖੇਰ ਭਾਜਪਾ ਤੋਂ ਸੰਸਦ ਮੈਂਬਰ ਹੈ। ਲਗਭਗ ਦੋ ਹਫ਼ਤੇ ਪਹਿਲਾਂ, ਖੇਰ ਨੇ ਕੋਵੀਡ ਕੰਟਰੋਲ 'ਤੇ ਸਰਕਾਰ ਦੀ ਆਲੋਚਨਾ ਦਾ ਜਵਾਬ ਦੇਣ ਲਈ ਇੱਕ ਟਵੀਟ 'ਤੇ ਕਮੈਂਟ ਕੀਤਾ ਸੀ "ਆਏਗਾ ਤਾਂ ਮੋਦੀ ਹੀ"। ਇਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵੀ ਟ੍ਰੋਲ ਕੀਤਾ ਗਿਆ ਸੀ।
ਉਧਰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਬਾਰੇ ਇੱਕ ਤਾਜ਼ਾ ਜੋਖਮ ਮੁਲਾਂਕਣ 'ਚ ਪਾਇਆ ਗਿਆ ਹੈ ਕਿ ਦੇਸ਼ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ‘ਵਾਧੇ’ ਲਈ ਜ਼ਿੰਮੇਵਾਰ ਕਈ ਸੰਭਾਵੀ ਕਾਰਕ ਹਨ, ਜਿਨ੍ਹਾਂ ਵਿੱਚ ‘ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ 'ਚ ਇਕਠੀ ਹੋਈ ਵੱਡੀ ਭੀੜ ਵੀ ਹੈ, ਜਿਸ ਕਾਰਨ ਲੋਕਾਂ ਦਾ ਸਮਾਜਿਕ ਮੇਲ-ਜੋਲ ਵਧਿਆ।'