ਮੁੰਬਈ: ਦਿੱਗਜ ਐਕਟਰ ਨਸੀਰੂਦੀਨ ਸ਼ਾਹ ਦੇ ਹਜ਼ੂਮੀ ਹਿੰਸਾ ਨਾਲ ਜੁੜੇ ਬਿਆਨ ‘ਤੇ ਉਨ੍ਹਾਂ ਨੂੰ ਹੁਣ ਐਕਟਰ ਆਸ਼ੂਤੋਸ਼ ਰਾਣਾ ਦਾ ਸਾਥ ਮਿਲ ਗਿਆ ਹੈ। ਆਸ਼ੂਤੋਸ਼ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਆਪਣੀ ਗੱਲ ਬਿਨਾਂ ਡਰੇ ਕਹਿਣ ਦਾ ਹੱਕ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਜੇਕਰ ਕੋਈ ਕੁਝ ਕਹਿ ਰਿਹਾ ਹੈ ਤਾਂ ਸਾਨੂੰ ਸਿਰਫ ਸੁਣਨਾ ਹੀ ਨਹੀਂ ਚਾਹੀਦਾ ਸਗੋਂ ਉਸ ‘ਤੇ ਵਿਚਾਰ ਵੀ ਕਰਨਾ ਚਾਹੀਦਾ ਹੈ।


ਕੁਝ ਦਿਨ ਪਹਿਲਾਂ ਨਸੀਰ ਨੇ ਦੇਸ਼ ‘ਚ ਹਜ਼ੂਮੀ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਿਰ ਕੀਤੀ ਸੀ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਡਰ ਲੱਗ ਰਿਹਾ ਹੈ। ਉਨ੍ਹਾਂ ਬੁਲੰਦਸ਼ਹਿਰ ‘ਚ ਹੋਈ ਘਟਨਾ ‘ਤੇ ਕਿਹਾ ਸੀ ਕਿ ਭਾਰਤ ‘ਚ ਇੱਕ ਗਾਂ ਦੀ ਜਾਨ ਦੀ ਕੀਮਤ ਅੱਗੇ ਪੁਲਿਸ ਵਾਲੇ ਦੀ ਜਾਨ ਦੀ ਕੀਮਤ ਕੁਝ ਨਹੀਂ।


ਨਸੀਰੂਦੀਨ ਦੇ ਇਸ ਬਿਆਨ ਦੀ ਕਾਫੀ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਨਸੀਰ ਨੇ ਆਪਣੀ ਗੱਲ ਦੀ ਸਫਾਈ ਵੀ ਦਿੱਤੀ ਸੀ। ਸਿਰਫ ਆਸ਼ੂਤੋਸ਼ ਹੀ ਨਹੀਂ ਨਸੀਰੂਦੀਨ ਸ਼ਾਹ ਨੂੰ ਡਾਇਰੈਕਟਰ ਮਧੁਰ ਭੰਡਾਰਕਰ ਦਾ ਵੀ ਸਾਥ ਮਿਲਿਆ ਹੈ।