ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਜਿੱਥੇ ਇੱਕ ਪਾਸੇ ਹੱਢ ਠਾਰ੍ਹਣ ਵਾਲੀ ਠੰਢ ਪੈ ਰਹੀ ਹੈ, ਉਧਰ ਦੂਜੇ ਪਾਸੇ ਵਧ ਰਹੇ ਪ੍ਰਦੂਸ਼ਣ ਨਾਲ ਲੋਕਾਂ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ। ਪ੍ਰਦੂਸ਼ਣ ਦੇ ਵਧ ਰਹੇ ਪੱਧਰ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਲੋਕਾਂ ਨੂੰ ਕੁਝ ਦਿਨ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਸਮ ਦੇ ਇਹ ਹਾਲਾਤ ਦੇਖ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਗਲੇ ਕੁਝ ਦਿਨ ਹਾਲਤ ਗੰਭੀਰ ਬਣੀ ਰਹੇਗੀ।
ਸੀਪੀਸੀਬੀ ਨੇ ਸ਼ਨੀਵਾਰ ਨੂੰ ਬੈਠਕ ਕੀਤੀ ਜਿਸ ‘ਚ ਇਸ ਸਥਿਤੀ ‘ਤੇ ਕਾਬੂ ਪਾਉਣ ਲਈ ਹੇਠਲੇ ਪੱਧਰ ਤੋਂ ਉਪਾਅ ਲਾਗੂ ਕਰਨ ਦੀ ਸਲਾਹ ਦਿੱਤੀ ਗਈ। ਇਸ ਦੇ ਨਾਲ ਹੀ ਏਜੰਸੀਆਂ ਨੂੰ ਉਨ੍ਹਾਂ ਥਾਵਾਂ ‘ਤੇ ਖਾਸ ਨਜ਼ਰ ਰੱਖਣ ਨੂੰ ਕਿਹਾ ਗਿਆ ਜਿੱਥੇ ਕਾਰਖਾਨਿਆਂ ਦੀ ਗੰਦਗੀ ਸੁੱਟੀ ਜਾਂਦੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਘੱਟੋ-ਘੱਟ ਨਿੱਜੀ ਵਾਹਨਾਂ ਦਾ ਇਸਤੇਮਾਲ ਕਰਨ ਤੇ ਡੀਜ਼ਲ ਗੱਡੀਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ।
ਦਿੱਲੀ ‘ਚ ਵਧ ਰਹੇ ਪ੍ਰਦੂਸ਼ਨ ਨਾਲ ਸਿਹਤਮੰਦ ਲੋਕਾਂ ਨੰ ਵੀ ਸਾਹ ਲੈਣ ‘ਚ ਖਾਸੀ ਦਿੱਕਤ ਹੋ ਰਹੀ ਹੈ। ਰਾਜਧਾਨੀ ਦੇ 30 ਇਲਾਕਿਆਂ ‘ਚ ਹਵਾ ਦੀ ਸ਼ੁਧਤਾ ਬੇਹੱਦ ਖ਼ਰਾਬ ਦਰਜ ਕੀਤੀ ਗਈ। ਸੀਪੀਸੀਬੀ ਮੁਤਾਬਕ ਐਨਸੀਆਰ ਦੇ ਗਾਜ਼ੀਆਬਾਦ ਦੀ ਹਵਾ ਦੀ ਗੁਣਵੱਤਾ ਸਭ ਤੋਂ ਖ਼ਰਾਬ ਦਰਜ ਕੀਤੀ ਗਈ ਹੈ। ਉੱਥੇ ਦਾ ਏਕਿਅਊਆਈ 475 ਰਿਹਾ।
ਉਧਰ ਰਾਜਧਾਨੀ ‘ਚ ਠੰਢ ਨੇ ਪਿਛਲੇ 12 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਪਿਛਲੇ ਸਾਲ ਅਜਿਹੀ ਠੰਢ ਜਨਵਰੀ ‘ਚ ਪਈ ਸੀ ਜੋ ਇਸ ਸਾਲ ਦਸੰਬਰ ‘ਚ ਪੈ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਘੱਟ ਹਵਾ ਚੱਲਣ ਤੇ ਘੱਟ ਤਾਪਮਾਨ ਦਾ ਦੌਰ ਅਗਲੇ 3-4 ਦਿਨ ਜਾਰੀ ਰਹੇਗਾ।