ਨਵੀਂ ਦਿੱਲੀ: ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਸਰ ਕਰਨ ਤੋਂ ਬਾਅਦ ਹੈਦਰਾਬਾਦ ਦੇ 'ਨਿਆਣੇ ਪਰਬਤਾਰੋਹੀ' ਨੇ ਆਸਟ੍ਰੇਲੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਸਫ਼ਲ ਚੜ੍ਹਾਈ ਕਰ ਲਈ ਹੈ। ਅੱਠ ਸਾਲ ਦੇ ਸਮੰਨਿਊ ਪੋਥੁਰਾਜੂ ਦੀ ਪੰਜ ਮੈਂਬਰੀ ਟੀਮ ਨੇ ਇਹ ਕਾਰਨਾਮਾ ਬੀਤੀ 12 ਦਸੰਬਰ ਨੂੰ ਕੀਤਾ ਹੈ।




ਉਸ ਦੀ ਟੀਮ ਵਿੱਚ ਮਾਂ ਤੇ ਭੈਣ ਵੀ ਸ਼ਾਮਲ ਸਨ। ਆਸਟ੍ਰੇਲੀਆ ਦੀ 2,228 ਮੀਟਰ ਉੱਚੀ ਮਾਊਂਟ ਕੋਸ਼ੀਊਜ਼ਕੋ ਚੋਟੀ 'ਤੇ ਫ਼ਤਹਿ ਹਾਸਲ ਕਰਨ ਮਗਰੋਂ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਸਮੰਨਿਊ ਨੇ ਆਪਣੇ ਕਾਰਨਾਮੇ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਸ ਨੇ ਦੱਸਿਆ ਕਿ ਉਸ ਦਾ ਅਗਲਾ ਟੀਚਾ ਜਾਪਾਨ ਦੀ ਮਾਊਂਟ ਫੂਜੀ ਹੈ ਅਤੇ ਉਹ ਇਸ ਲਈ ਪੂਰੀ ਤਿਆਰੀ ਕਰ ਰਿਹਾ ਹੈ।

ਸਮੰਨਿਊ ਦਾ ਇਰਾਦਾ ਭਾਰਤੀ ਹਵਾਈ ਫ਼ੌਜ ਵਿੱਚ ਵੱਡਾ ਅਫਡਸਰ ਬਣਨ ਦਾ ਹੈ। ਇੰਨੀ ਨਿੱਕੀ ਉਮਰੇ ਹੀ ਵੱਡੀਆਂ ਪ੍ਰਾਪਤੀਆਂ ਹੀ ਨਹੀਂ ਸਗੋਂ ਉਹ ਤੇ ਉਸ ਦਾ ਪਰਿਵਾਰ ਮਨੁੱਖਤਾ ਲਈ ਵੀ ਕਾਫੀ ਕੰਮ ਕਰਦਾ ਹੈ। ਸਮੰਨਿਊ ਦੇ ਮਾਤਾ ਲਾਵੰਨਿਆ ਮੁਤਾਬਕ ਉਹ ਕਿਸੇ ਨੇਕ ਉਦੇਸ਼ ਲਈ ਹੀ ਇਸ ਕੰਮ ਦੀ ਸ਼ੁਰੂਆਤ ਕਰਦੇ ਹਨ। ਆਸਟ੍ਰੇਲੀਆਈ ਪਹਾੜੀ ਲਈ ਸਮੰਨਿਊ ਦਾ ਪਰਿਵਾਰ ਤੇਲੰਗਾਨਾ ਦੇ ਛੀਂਬਿਆਂ (ਕੱਪੜਾ ਬੁਣਨ ਵਾਲੇ ਕਾਰੀਗਰ) ਦੀ ਭਲਾਈ ਦਾ ਸੰਦੇਸ਼ ਲੈਕੇ ਤੁਰਿਆ ਸੀ।