ਨਵੀਂ ਦਿੱਲੀ: ਮੋਦੀ ਸਰਕਾਰ ਅਦਨਾਨ ਸਾਮੀ ਨੂੰ 'ਪਦਮਸ਼੍ਰੀ' ਐਵਾਰਡ ਦੇ ਕੇ ਕਸੂਤੀ ਘਿਰ ਗਈ ਹੈ। ਅਦਨਾਨ ਦੇ ਪਿਤਾ ਨੇ 1965 ਦੀ ਜੰਗ 'ਚ ਪਾਕਿਸਤਾਨ ਦੇ ਲੜਾਕੂ ਪਾਇਲਟ ਵਜੋਂ ਭਾਰਤ 'ਤੇ ਹਮਲੇ ਕੀਤੇ ਸੀ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਬੀਜੇਪੀ ਸਰਕਾਰ ਖਿਲਾਫ ਖੂਬ ਸ਼ੋਰ-ਸ਼ਰਾਬਾ ਹੋ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸ ਤੇ ਬੀਜੇਪੀ ਵੀ ਆਹਮੋ-ਸਾਹਮਣੇ ਖੜ੍ਹੇ ਦਿਖਾਈ ਦੇ ਰਹੀਆਂ ਹਨ।

ਦੱਸ ਦਈਏ ਕਿ ਅਦਨਾਨ ਸਾਮੀ ਦੇ ਪਿਤਾ ਅਰਸ਼ਦ ਸਾਮੀ ਖਾਨ ਪਾਕਿਸਤਾਨ ਦੀ ਏਅਰਫੋਰਸ 'ਚ ਸੀ। ਉਨ੍ਹਾਂ ਨੇ 1965 'ਚ ਭਾਰਤ ਖ਼ਿਲਾਫ਼ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅਦਨਾਨ ਸਾਮੀ ਦੀ ਗੱਲ ਕਰੀਏ ਤਾਂ ਉਨ੍ਹਾਂ ਜਨਮ ਲੰਡਨ 'ਚ ਹੋਇਆ ਸੀ। ਉਨ੍ਹਾਂ 2015 'ਚ ਭਾਰਤੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ ਤੇ ਜਨਵਰੀ 2016 'ਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਪਾਕਿਸਤਾਨ ਛੱਡਣ ਤੋਂ ਬਾਅਦ ਭਾਰਤ ਦਾ ਨਾਗਰਿਕ ਬਣੇ ਅਦਨਾਨ ਸਾਮੀ ਨੂੰ ਇਸ ਗਣਤੰਤਰ ਦਿਵਸ 'ਤੇ ਪਦਮਸ਼੍ਰੀ ਐਵਾਰਡ ਦਿੱਤਾ ਗਿਆ।


ਇਸ ਬਾਰੇ ਅਦਨਾਨ ਸਾਮੀ ਦੀ ਪ੍ਰਤੀਕ੍ਰਿਆ ਵੀ ਇਸ 'ਤੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ, "ਮੇਰੇ ਪਿਤਾ ਜੀ 1965 ਦੀ ਜੰਗ 'ਚ ਪਾਕਿਸਤਾਨ ਦੇ ਲੜਾਕੂ ਪਾਇਲਟ ਸੀ। ਉਨ੍ਹਾਂ ਨੇ ਆਪਣੇ ਦੇਸ਼ ਲਈ ਆਪਣਾ ਫਰਜ਼ ਨਿਭਾਇਆ। ਉਨ੍ਹਾਂ ਨੂੰ ਆਪਣੀ ਦੇਸ਼ ਭਗਤੀ ਲਈ ਸਨਮਾਨਿਤ ਵੀ ਕੀਤਾ ਗਿਆ। ਇਹ ਕਿਹੜੀ ਦੁਨੀਆਂ 'ਚ ਹੈ ਕਿ ਤੁਸੀਂ ਪਿਤਾ ਦੇ ਕੰਮਾਂ ਲਈ ਇੱਕ ਪੁੱਤਰ ਨੂੰ ਦੋਸ਼ੀ ਠਹਿਰਾਓ?''

ਦੱਸ ਦਈਏ ਕਿ ਇਸ ਸਾਲ ਸੱਤ ਮਸ਼ਹੂਰ ਹਸਤੀਆਂ ਨੂੰ ਪਦਮ ਵਿਭੂਸ਼ਣ, 16 ਪਦਮ ਭੂਸ਼ਣ ਤੇ 118 ਪਦਮਸ਼੍ਰੀ ਨਾਲ ਸਨਮਾਨਤ ਕੀਤਾ ਗਿਆ।