ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਹੁਣ ਸਿੱਖ ਇਤਿਹਾਸ ਪੜ੍ਹਨਗੇ। ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਬਾਰੇ ਚਾਨਣਾ ਪਾਉਣ ਵਾਲੀਆਂ ਕਈ ਕਿਤਾਬਾਂ ਆਮਿਰ ਖ਼ਾਨ ਨੂੰ ਸੌਂਪੀਆਂ।


ਜ਼ਿਕਰਯੋਗ ਹੈ ਕਿ ਆਮਿਰ ਖ਼ਾਨ ਨੇ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਇਤਿਹਾਸ ਨਾਲ ਸਬੰਧਤ ਕਿਤਾਬਾਂ ਦੇ ਅੰਗਰੇਜ਼ੀ ਸੰਸਕਰਣ ਦੀ ਮੰਗ ਕੀਤੀ ਸੀ ਜਦੋਂ ਡਾ. ਰੂਪ ਸਿੰਘ ਨੇ ਉਸ ਨੂੰ 30 ਨਵੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਦੌਰਾਨ ਹਰੀ ਸਿੰਘ ਨਲਵਾ ਬਾਰੇ ਇੱਕ ਪ੍ਰੋਜੈਕਟ ਲਈ ਕਿਹਾ ਸੀ।

ਮੀਡੀਆ ਨਾਲ ਗੱਲ ਕਰਦਿਆਂ ਡਾ. ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ (ਮੁੰਬਈ) ਨਾਲ ਸਮਝੌਤੇ ਸਬੰਧੀ ਆਪਣੀ ਸਰਕਾਰੀ ਫੇਰੀ ਦੌਰਾਨ ਮੁੰਬਈ 'ਚ ਆਮਿਰ ਖ਼ਾਨ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਦੱਸਿਆ ਕਿ ਆਮਿਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਨ੍ਹਾਂ ਕਿਤਾਬਾਂ ਨੂੰ ਪੜ੍ਹਣਗੇ “ਮੈਂ ਉਸ ਨੂੰ ਦੋ ਅੰਗਰੇਜ਼ੀ ਕਿਤਾਬਾਂ ਦਿੱਤੀਆਂ ਜਿਨ੍ਹਾਂ ਦਾ ਨਾਂ ਹੈ 'ਹਰੀ ਸਿੰਘ ਨਲਵਾ' ਤੇ 'ਚੈਂਪੀਅਨ ਆਫ਼ ਦ ਖਾਲਸਾ ਜੀ' ਜੋ ਅਵਤਾਰ ਸਿੰਘ ਤੇ ਵਨੀਤ ਨਲਵਾ ਵੱਲੋਂ ਲਿਖੀਆਂ ਗਈਆਂ ਹਨ।"

ਡਾ. ਰੂਪ ਸਿੰਘ ਨੇ ਅੱਗੇ ਕਿਹਾ ਕਿ ਸਰਦਾਰ ਹਰੀ ਸਿੰਘ ਨਲਵਾ ਇਤਿਹਾਸ ਦੀ ਇਕਲੌਤੀ ਸ਼ਖਸੀਅਤ ਹਨ ਜਿਸ ਨੇ ਅਫਗਾਨਿਸਤਾਨ ਨੂੰ ਜਿੱਤ ਲਿਆ। "ਮੈਂ ਸਰਦਾਰ ਹਰੀ ਸਿੰਘ ਨਲਵਾ 'ਤੇ ਫ਼ਿਲਮ ਚਾਹੁੰਦਾ ਹਾਂ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਖੇ ਤੇ ਸੁਵਿਧਾਜਨਕ ਢੰਗ ਨਾਲ ਮਹਾਨ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ।"