ਮੁੰਬਈ: ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਨੇ ਆਦਿਤਿਆ ਪੰਚੋਲੀ ਖਿਲਾਫ ਗੰਭੀਰ ਇਲਜ਼ਾਮ ਲਾਏ ਹਨ। ਐਕਟਰਸ ਦੀ ਭੈਣ ਨੇ ਮੁੰਬਈ ਵਰਸੋਵਾ ਪੁਲਿਸ ਸਟੇਸ਼ਨ ‘ਚ ਆਦਿੱਤਿਆ ਖਿਲਾਫ ਰੇਪ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਵੱਲੋਂ ਉਸ ਦੀ ਭੈਣ ਨੇ ਈ-ਮੇਲ ਐਪਲੀਕੇਸ਼ਨ ਰਾਹੀਂ ਵਰਸੋਵਾ ਪੁਲਿਸ ਸਟੇਸ਼ਨ ‘ਚ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। ਸ਼ਿਕਾਇਤਕਰਤਾ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ 13 ਸਾਲ ਪਹਿਲਾਂ ਦਾ ਹੈ।



ਸ਼ਿਕਾਇਤਕਰਤਾ ਐਕਟਰਸ ਤੇ ਮੁਲਜ਼ਮ ਐਕਟਰ ਆਦਿੱਤਿਆ ਪੰਚੋਲੀ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਤੇ ਦੋਵਾਂ ਦੇ ਕਾਫੀ ਕਰੀਬੀ ਰਿਸ਼ਤੇ ਵੀ ਰਹੇ ਹਨ। ਅਜਿਹੇ ‘ਚ ਏਬੀਪੀ ਨਿਊਜ਼ ਨੇ ਆਦਿੱਤਿਆ ਪੰਚੋਲੀ ਨਾਲ ਗੱਲ ਕਰਨੀ ਚਾਹੀ। ਪਹਿਲਾਂ ਤਾਂ ਆਦਿੱਤਿਆ ਨੇ ਇੰਟਰਵਿਊ ਦੇਣ ਤੋਂ ਮਨਾ ਕਰ ਦਿੱਤਾ। ਉਨ੍ਹਾਂ ਨੇ ਰੇਪ ਦੇ ਇਲਜ਼ਾਮਾਂ ਤੋਂ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਦਿੱਤਿਆ ਪੰਚੋਲੀ ਨੇ ਏਬੀਪੀ ਨਿਊਜ਼ ਨੂੰ ਕਿਹਾ, “6 ਜਨਵਰੀ ਨੂੰ ਮੇਰੇ ਵਰਸੋਵਾ ਵਾਲੇ ਘਰ ‘ਤੇ ਹੋਈ ਮੁਲਾਕਾਤ ਦੌਰਾਨ ਮੈਂ ਵਕੀਲ ਰਿਜਵਾਨ ਸਿੱਦਕੀ ਦੀ ਪੂਰੀ ਗੱਲਬਾਤ ਦਾ ਸਟਿੰਗ ਆਪ੍ਰੇਸ਼ਨ ਕਰ ਲਿਆ ਸੀ। ਬਾਅਦ ‘ਚ 18 ਮਿੰਟ ਦੀ ਇਸ ਪੂਰੀ ਵੀਡੀਓ ਰਿਕਾਰਡਿੰਗ ਨੂੰ ਮੈਂ ਵਰਸੋਵਾ ਪੁਲਿਸ ਸਟੇਸ਼ਨ, ਸ਼ਹਿਰ ਦੇ ਡੀਐਸਪੀ ਤੇ ਅੰਧੇਰੀ ਮੈਟ੍ਰੋਪਾਲਿਟਨ ਮੈਜਿਸਟ੍ਰੇਟ (ਜਿੱਥੇ ਆਦਿੱਤਿਆ ਨੇ ਮਾਨਹਾਨੀ ਦਾ ਮੁਕਦੱਮਾ ਦਾਇਰ ਕੀਤਾ ਹੈ) ਨੂੰ ਵੀ ਇੱਕ ਅਰਜ਼ੀ ਨਾਲ ਸੌਂਪ ਦਿੱਤਾ ਸੀ।”

ਆਦਿੱਤਿਆ ਨੇ ਕਿਹਾ, “ਇੰਡੀਅਨ ਐਵੀਡੈਂਸ ਐਕਟ 65ਬੀ ਤਹਿਤ ਇਸ ਵੀਡੀਓ ਰਿਕਾਰਡਿੰਗ ਦੀ ਪ੍ਰਮਾਣਿਕਤਾ ਦਾ ਸਰਟੀਫਿਕੇਟ ਵੀ ਅਸੀਂ ਹਾਸਲ ਕਰ ਲਿਆ ਹੈ। ਇਸ ‘ਚ ਮੈਂ ਆਪਣੀ ਅਰਜ਼ੀ ਨਾਲ ਇਨ੍ਹਾਂ ਸਭ ਲੋਕਾਂ ਨੂੰ ਦਿੱਤਾ ਹੈ।”

ਪੰਚੋਲੀ ਨੇ ਅੱਗੇ ਕਿਹਾ, “ਜੇਕਰ ਤੁਸੀਂ ਵੀ ਇਸ ਪੂਰੇ ਵੀਡੀਓ ਨੂੰ ਧਿਆਨ ‘ਚ ਦੇਖੋਗੇ ਤਾਂ ਤੁਹਾਨੂੰ ਸਮਝ ਆਵੇਗਾ ਕਿ ਆਖਰ ਪੂਰਾ ਮਾਮਲਾ ਕੀ ਹੈ ਤੇ ਤੁਹਾਡੇ ਦਿਲ ‘ਚ ਕੋਈ ਸ਼ੱਕ ਨਹੀਂ ਰਹਿ ਜਾਵੇਗਾ।” ਇਸ ਵੀਡੀਓ ਦਾ ਕੁਝ ਹਿੱਸਾ ਏਬੀਪੀ ਨਿਊਜ਼ ਕੋਲ ਵੀ ਹੈ ਜਿਸ ‘ਚ ਆਦਿੱਤਿਆ ਤੇ ਉਸ ਦੀ ਪਤਨੀ ਦੀ ਆਵਾਜ਼ ਤਾਂ ਹੈ ਪਰ ਉਹ ਕਿਤੇ ਨਜ਼ਰ ਨਹੀਂ ਆ ਰਹੇ।

ਆਦਿੱਤਿਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਮਾਨਹਾਨੀ ਦੇ ਕੇਸ ਦੇ ਚੱਲਦੇ ਉਨ੍ਹਾਂ ਖਿਲਾਫ ਉਸ ਐਕਟਰਸ ਨੇ ਰੇਪ ਦਾ ਮਾਮਲਾ ਦਰਜ ਕਰਵਾਇਆ ਹੈ ਜੋ ਉਨ੍ਹਾਂ ਵੱਲੋਂ ਕੀਤੇ ਸਟਿੰਗ ਦੀ ਵੀਡੀਓ ‘ਚ ਸਾਫ਼ ਨਜ਼ਰ ਆਉਂਦਾ ਹੈ। ਆਦਿੱਤਿਆ ਦਾ ਕਹਿਣਾ ਹੈ ਕਿ ਸ਼ਿਕਾਇਤ ਕਰਨ ਵਾਲੀ ਐਕਟਰਸ ਨੇ ਕੁਝ ਚੈਨਲਾਂ ‘ਤੇ ਜਾ ਕੇ ਉਸ ਖਿਲਾਫ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਸੀ।

ਇਸ ਤੋਂ ਬਾਅਦ ਆਦਿੱਤਿਆ ਨੇ ਮਾਨਹਾਨੀ ਦਾ ਕੇਸ ਕੀਤਾ ਸੀ। ਹੁਣ ਉਨ੍ਹਾਂ ‘ਤੇ ਕੇਸ ਵਾਪਸ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਸ਼ਿਕਾਇਤਕਰਤਾ ਦੇ ਵਕੀਲ ਰਿਜਵਾਨ ਦੇ ਵਾਰ-ਵਾਰ ਸੰਪਰਕ ਕਰਨ ਦੀਆਂ ਤਮਾਮ ਕੋਸ਼ਿਸ਼ਾਂ ਨਾਕਾਮ ਸਾਬਤ ਹੋਇਆ ਹਨ।