Shah Rukh Khan Was Jailed In 1993: ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਉਹ ਨਾਮ ਹੈ, ਜਿਸ ਨੂੰ ਪੂਰੀ ਦੁਨੀਆ ਜਾਣਦੀ ਹੈ। ਸ਼ਾਇਦ ਹੀ ਕੋਈ ਅਜਿਹਾ ਬਾਲੀਵੁੱਡ ਸਟਾਰ ਹੋਵੇਗਾ, ਜਿਸ ਨੇ ਪੂਰੀ ਦੁਨੀਆ 'ਚ ਇੰਨੀਂ ਪ੍ਰਸਿੱਧੀ ਤੇ ਨਾਮ ਖੱਟਿਆ। ਸ਼ਾਹਰੁਖ ਖਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੁਭਾਅ ਤੋਂ ਇੰਨੇਂ ਜ਼ਿਆਦਾ ਡਾਊਨ ਟੂ ਅਰਥ ਹਨ, ਕਿ ਉਨ੍ਹਾਂ ਦਾ ਕਦੇ ਕਿਸੇ ਦੇ ਨਾਲ ਕੋਈ ਵਿਵਾਦ ਵੀ ਨਹੀਂ ਹੋਇਆ। ਪਰ ਇਹ ਗੱਲ ਸੱਚ ਨਹੀਂ ਹੈ।
ਕੀ ਤੁਹਾਨੂੰ ਪਤਾ ਹੈ ਕਿ ਸ਼ਾਹਰੁਖ ਖਾਨ ਨੂੰ 1993 'ਚ ਇੱਕ ਵਾਰ ਜੇਲ੍ਹ ਜਾਣਾ ਪਿਆ ਸੀ। ਜੀ ਹਾਂ, ਇਹ ਗੱਲ ਬਿਲਕੁਲ ਸੱਚ ਹੈ। ਸ਼ਾਹਰੁਖ ਖਾਨ ਨੂੰ ਜੇਲ੍ਹ ਜਾਣਾ ਪਿਆ ਸੀ। ਦਰਅਸਲ, ਉਨ੍ਹਾਂ ਨੇ ਇੱਕ ਪੱਤਰਕਾਰ ਦੀ ਕੁੱਟਮਾਰ ਕੀਤੀ ਸੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਸੀ ਇਹ ਮਾਮਲਾ:
ਇਹ ਗੱਲ ਹੈ 1993 ਦੀ ਜਦੋਂ ਸ਼ਾਹਰੁਖ ਖਾਨ 'ਮਾਇਆ ਮੇਮਸਾਬ੍ਹ' ਦੀ ਸ਼ੂਟਿੰਗ ਕਰ ਰਹੇ ਸੀ। ਇਸ ਫਿਲਮ 'ਚ ਉਹ ਅਦਾਕਾਰਾ ਦੀਪਾ ਸਾਹੀ ਨਾਲ ਨਜ਼ਰ ਆਏ ਸੀ। ਫਿਲਮ 'ਚ ਸ਼ਾਹਰੁਖ ਦੇ ਦੀਪਾ ਨਾਲ ਅਤਰੰਗੀ ਸੀਨ ਸਨ। ਉਸ ਦੌਰ 'ਚ ਅਜਿਹਾ ਸੀਨਜ਼ ਨੂੰ ਜ਼ਿਆਦਾ ਚੰਗਾ ਵੀ ਨਹੀਂ ਸਮਝਦੇ ਸੀ।
ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸ਼ਾਹਰੁਖ ਤੇ ਦੀਪਾ ਦੇ ਅਫੇਅਰ ਦੀਆਂ ਖਬਰਾਂ ਉੱਡਣ ਲੱਗੀਆਂ ਸੀ। ਇਸ ਦੌਰਾਨ 'ਸਿਨੇ ਬਲਿਟਜ਼' ਨਾਮ ਦੇ ਇੱਕ ਮੈਗਜ਼ੀਨ ਨੇ ਸ਼ਾਹਰੁਖ-ਦੀਪਾ ਦੇ ਅਫੇਅਰ ਦੀ ਖਬਰ ਛਾਪ ਦਿੱਤੀ ਸੀ। ਹੁਣ ਮਸਲਾ ਇਹ ਸੀ ਕਿ ਸ਼ਾਹਰੁਖ ਖਾਨ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਇਹ ਖਬਰ ਜਦੋਂ ਗੌਰੀ ਖਾਨ ਦੇ ਕੰਨਾਂ ਤੱਕ ਪਹੁੰਚੀ ਤਾਂ ਉਹ ਸ਼ਾਹਰੁਖ 'ਤੇ ਬਹੁਤ ਜ਼ਿਆਦਾ ਨਾਰਾਜ਼ ਹੋਈ। ਇਸ ਗੱਲ ਤੋਂ ਖਿਜ ਖਾ ਕੇ ਸ਼ਾਹਰੁਖ ਖਾਨ ਨੇ ਪਹਿਲਾਂ ਤਾਂ ਉਸ ਪੱਤਰਕਾਰ ਨੂੰ ਫੋਨ ਕਰਕੇ ਦਿੱਲੀ ਵਾਲੀਆਂ ਗਾਲਾਂ ਕੱਢੀਆਂ, ਇਸ ਤੋਂ ਬਾਅਦ ਆਪਣੇ ਘਰ ਤੋਂ ਚਾਕੂ ਲੈਕੇ ਉਸ ਪੱਤਰਕਾਰ ਦੇ ਘਰ ਗਏ ਅਤੇ ਉਸ 'ਤੇ ਜਾਨਲੇਵਾ ਹਮਲਾ ਕੀਤਾ।
ਫਿਰ ਜਦੋਂ ਸ਼ਾਹਰੁਖ ਦਾ ਗੁੱਸਾ ਉੱਤਰਿਆ ਤਾਂ ਉਹ ਵਾਪਸ ਆਪਣੀ ਫਿਲਮ ਦੀ ਸ਼ੂਟਿੰਗ 'ਤੇ ਪਰਤ ਗਏ। ਅਗਲੇ ਹੀ ਦਿਨ ਮੁੰਬਈ ਪੁਲਿਸ ਸ਼ਾਹਰੁਖ ਦੀ ਫਿਲਮ ਦੇ ਸੈੱਟ 'ਤੇ ਪਹੁੰਚੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਰਿਪੋਰਟ ਮੁਤਾਬਕ ਉਦੋਂ ਸ਼ਾਹਰੁਖ ਖਾਨ ਸਟਾਰ ਨਹੀਂ ਬਣੇ ਸੀ। ਉਨ੍ਹਾਂ ਨੂੰ ਫਿਲਮਾਂ 'ਚ ਵਿਲੇਨ ਦੇ ਰੋਲ ਹੀ ਮਿਲਦੇ ਸੀ। ਇਸ ਕਰਕੇ ਪੁਲਿਸ ਨੇ ਵੀ ਉਨ੍ਹਾਂ ਦੀ ਇੱਜ਼ਤ ਨਹੀਂ ਕੀਤੀ ਸੀ। ਉਨ੍ਹਾਂ ਨੂੰ ਮੁੰਬਈ ਪੁਲਿਸ ਨੇ ਜੇਲ੍ਹ 'ਚ ਬੰਦ ਕਰ ਦਿੱਤਾ। ਇਸ ਦੌਰਾਨ ਸ਼ਾਹਰੁਖ ਕੋਲ ਜ਼ਮਾਨਤ ਕਰਾਉਣ ਦੇ ਪੈਸੇ ਨਹੀਂ ਸੀ ਤਾਂ ਅਦਾਕਾਰ ਨਾਨਾ ਪਾਟੇਕਰ ਨੇ ਉਨ੍ਹਾਂ ਦੀ ਜ਼ਮਾਨਤ ਕਰਵਾਈ ਸੀ। ਸ਼ਾਹਰੁਖ ਖਾਨ ਨੇ ਖੁਦ ਇੱਕ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ।