ਭੋਪਾਲ: ਕਰਨ ਜੌਹਰ ਦੀ ਫ਼ਿਲਮ 'ਏ ਦਿਲ ਹੈ ਮੁਸ਼ਕਿਲ' ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਪਰ ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ ਤੇ ਝਾਰਖੰਡ ਵਿੱਚ ਕੁਝ ਹਿੰਦੂ ਸੰਗਠਨਾਂ ਵੱਲੋਂ ਕੀਤੇ ਗਏ ਵਿਰੋਧ ਦੇ ਕਾਰਨ ਕੁਝ ਸਿਨਮਾ ਮਾਲਕਾਂ ਨੇ ਫ਼ਿਲਮ ਦੇ ਸ਼ੋਅ ਰੱਦ ਕਰ ਦਿੱਤੇ।

ਪ੍ਰਦਰਸ਼ਨ ਕਰਨ ਵਾਲਿਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਫ਼ਿਲਮ ਫਿਰ ਤੋਂ ਦਿਖਾਈ ਗਈ ਤਾਂ ਸਿਨਮਾ ਘਰਾਂ ਦੇ ਅੰਦਰ ਦਾਖਲ ਹੋ ਕੇ ਭੰਨਤੋੜ ਕੀਤੀ ਜਾਵੇਗੀ। ਹਾਲਾਂਕਿ ਮਹਾਰਾਸ਼ਟਰ ਵਿੱਚ ਫ਼ਿਲਮ ਨੂੰ ਲੈ ਕੇ ਪੂਰੀ ਸ਼ਾਂਤੀ ਰਹੀ।

ਯਾਦ ਰਹੇ ਕਿ ਫ਼ਿਲਮ ਵਿੱਚ ਪਾਕਿਸਤਾਨੀ ਕਲਾਕਾਰ ਫਵਾਦ ਖ਼ਾਨ ਹੈ। ਇਸ ਨੂੰ ਲੈ ਕੇ ਹਿੰਦੂ ਸੰਗਠਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਖ਼ਾਸ ਤੌਰ ਉੱਤੇ ਉੜੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਪ੍ਰਤੀ ਲੋਕਾਂ ਵਿੱਚ ਗ਼ੁੱਸਾ ਹੈ।

ਅੱਜ ਜਿਵੇਂ ਹੀ ਫ਼ਿਲਮ ਰਿਲੀਜ਼ ਹੋਈ ਤਾਂ ਪਹਿਲਾਂ ਹੀ ਤਾਕ ਵਿੱਚ ਬੈਠੇ ਹਿੰਦੂ ਸੰਗਠਨਾਂ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ ਤੇ ਝਾਰਖੰਡ ਸਿਨਮਾ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਮੱਧ ਪ੍ਰਦੇਸ਼ ਜੱਬਲਪੁਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਿਨਮਾ ਘਰਾਂ ਦੇ ਅੰਦਰ ਦਾਖਲ ਹੋ ਕੇ ਦਰਸ਼ਕਾਂ ਨੂੰ ਜ਼ਬਰਦਸਤੀ ਬਾਹਰ ਕੱਢ ਦਿੱਤਾ।ਇੱਥੇ ਫ਼ਿਲਮ ਦੇ ਪੋਸਟਰਾਂ ਨੂੰ ਅੱਗ ਵੀ ਲਗਾਈ ਗਈ। ਇਸ ਘਟਨਾ ਤੋਂ ਬਾਅਦ ਸੂਬੇ ਸਾਰੇ ਸਿਨਮਾ ਘਰਾਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ। ਛੱਤੀਸਗੜ੍ਹ ਵਿੱਚ ਵੀ ਕੁੱਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ।