ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਭਾਵੇਂ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਨੂੰ ਹਰੀ ਝੰਡੀ ਦੇ ਦਿੱਤੀ ਹੈ ਪਰ ਵਿਰੋਧ ਵੀ ਸ਼ਿਖਰ 'ਤੇ ਪਹੁੰਚ ਗਿਆ ਹੈ। ਕਸ਼ੱਤਰੀ ਸਮਾਜ ਨੇ ਧਮਕੀ ਦਿੱਤੀ ਹੈ ਕਿ ਫਿਲਮ ਕਿਸੇ ਵੀ ਕੀਮਤ 'ਤੇ ਰਿਲੀਜ਼ ਨਹੀਂ ਹੋਣ ਦਿੱਤੀ ਜਾਏਗੀ।


ਅਖਿਲ ਭਾਰਤੀ ਕਸ਼ੱਤਰੀ ਮਹਾਸਭਾ ਯੁਵਾ ਦੇ ਪ੍ਰਧਾਨ ਭੁਵਨੇਸ਼ਵਰ ਸਿੰਘ ਨੇ ਕਿਹਾ ਹੈ ਕਿ ਜੇਕਰ ਫਿਲਮ ਰਿਲੀਜ਼ ਹੋਈ ਤਾਂ ਸੁਪਰੀਮ ਕੋਰਟ ਨੂੰ ਅੱਗ ਲਾ ਦਿਆਂਗੇ ਤੇ ਸੰਸਦ ਤੋਂ ਲੈ ਕੇ ਸੜਕਾਂ 'ਤੇ ਕੋਹਰਾਮ ਮਚਾ ਦਿਆਂਗੇ।

ਅਖਿਲ ਭਾਰਤੀ ਕਸ਼ੱਤਰੀ ਮਹਾਸਭਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਕਿਸੇ ਵੀ ਸੂਰਤ ਵਿੱਚ ਫਿਲਮ ਚੱਲ਼ਣ ਨਹੀਂ ਦਿੱਤੀ ਜਾਏਗੀ। ਉਨ੍ਹਾਂ ਫਿਲਮ ਰੁਕਵਾਉਣ ਲਈ ਦਿੱਲੀ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ ਦੇ ਘੇਰਾਓ ਦਾ ਵੀ ਐਲਾਨ ਕੀਤਾ।

ਭੁਵਨੇਸ਼ਵਰ ਸਿੰਘ ਨੇ ਕਿਹਾ ਕਿ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੋਂ ਫਿਲਮ ਰੁਕਵਾਉਣ ਲਈ ਸਹਿਯੋਗ ਮੰਗਿਆ ਜਾਵੇਗਾ। ਜੇਕਰ ਕਿਸੇ ਲੀਡਰ ਨੇ ਸਹਿਯੋਗ ਨਾ ਦਿੱਤਾ ਤਾਂ ਚੋਣਾਂ ਵਿੱਚ ਉਨ੍ਹਾਂ ਦਾ ਵਿਰੋਧ ਕੀਤਾ ਜਾਏਗਾ। ਉਸ ਦੇ ਵਿਰੋਧ ਵਿੱਚ ਆਪਣੇ ਉਮੀਦਵਾਰ ਉਤਾਰੇ ਜਾਣਗੇ।