ਨਵੀਂ ਦਿੱਲੀ: ਪਦਮਾਵਤੀ ਤੋਂ ਪਦਮਾਵਤ ਹੋਈ ਫ਼ਿਲਮ ਆਉਣ ਵਾਲੀ 25 ਤਾਰੀਖ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਰ ਬਦਲਾਅ ਦੇ ਬਾਵਜੂਦ ਵਿਵਾਦ ਫ਼ਿਲਮ ਦਾ ਖਹਿੜਾ ਛੱਡਦੇ ਵਿਖਾਈ ਨਹੀਂ ਦੇ ਰਹੇ। ਹੁਣ ਇਹ ਸਾਫ਼ ਨਹੀਂ ਹੋ ਰਿਹਾ ਕਿ ਕਿਹੜਾ ਸੂਬਾ ਇਸ ਫ਼ਿਲਮ ਨੂੰ ਰਿਲੀਜ਼ ਕਰੇਗਾ ਅਤੇ ਕਿਹੜਾ ਨਹੀਂ। ਸੈਂਸਰ ਬੋਰਡ ਤੋਂ ਪਾਸ ਹੋਣ ਤੋਂ ਬਾਅਦ ਵੀ ਬੀਜੇਪੀ ਦੀ ਸਰਕਾਰ ਵਾਲੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਸ ਨੂੰ ਬੈਨ ਕਰਨ ਦਾ ਹੁਕਮ ਦੇ ਦਿੱਤਾ ਹੈ।


ਮੱਧ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਾਅਵਾ ਕੀਤਾ ਹੈ ਕਿ ਇਹ ਫ਼ਿਲਮ ਨਹੀਂ ਵਿਖਾਈ ਜਾਵੇਗੀ। ਰਾਜਸਥਾਨ ਵਿੱਚ ਬੀਜੇਪੀ ਨੇ ਫ਼ਿਲਮ 'ਤੇ ਬੈਨ ਲਾਉਣ ਦਾ ਫ਼ੈਸਲਾ ਲਿਆ ਹੈ। ਭਾਵੇਂ ਗੁਜਰਾਤ ਦੇ ਸੀ.ਐੱਮ. ਵਿਜੇ ਰੁਪਾਣੀ ਹੋਣ ਜਾਂ ਫਿਰ ਰਾਜਸਥਾਨ ਦੀ ਵਸੁੰਧਰਾ ਰਾਜੇ, ਇਹ ਪਦਮਾਵਤ ਦਾ ਵਿਰੋਧ ਕਰ ਰਹੇ ਹਨ।

ਪਰ ਇਨ੍ਹਾਂ ਦੇ ਉਲਟ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਦਾ ਫ਼ਿਲਮ ਬਾਰੇ ਸਟੈਂਡ ਵੱਖਰਾ ਹੈ। ਯੋਗੀ ਨੇ ਕਿਹਾ ਕਿ ਯੂ.ਪੀ. ਵਿੱਚ ਫ਼ਿਲਮ ਵਿਖਾਈ ਜਾਵੇਗੀ। ਯੂ.ਪੀ. ਬਾਕੀ ਸੂਬਿਆਂ ਤੋਂ ਅਲੱਗ ਚੱਲ ਰਿਹਾ ਹੈ।

ਪਹਿਲਾਂ ਵਾਂਗ ਕਰਨੀ ਸੈਨਾ ਬਦਲਾਅ ਤੋਂ ਬਾਅਦ ਵੀ ਫ਼ਿਲਮ ਦਾ ਵਿਰੋਧ ਕਰ ਰਹੀ ਹੈ। ਕਰਨੀ ਸੈਨਾ ਫ਼ਿਲਮ ਰਿਲੀਜ਼ ਹੋਣ 'ਤੇ ਸਿਨਮਾ ਘਰ ਫੂਕਣ ਦੀ ਧਮਕੀ ਦੇ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦਰਸ਼ਕ ਇਸ ਫ਼ਿਲਮ ਨੂੰ ਕਿਵੇਂ ਦਾ ਹੁੰਗਾਰਾ ਦਿੰਦੇ ਹਨ, ਜੋ ਕਿ 25 ਜਨਵਰੀ ਤੋਂ ਬਾਅਦ ਸਾਫ ਹੋ ਜਾਵੇਗਾ।