ਮੁੰਬਈ: ਦਿੱਗਜ਼ ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਦੇ ਦੇਹਾਂਤ ਮਗਰੋਂ ਬਾਲੀਵੁੱਡ ਜਗਤ 'ਚ ਸੋਗ ਦੀ ਲਹਿਰ ਹੈ। ਇਰਫ਼ਾਨ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਮੰਗਲਵਾਰ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਆਈਸੀਯੂ 'ਚ ਭਰਤੀ ਕਰਾਇਆ ਗਿਆ ਸੀ। ਇਰਫ਼ਾਨ ਖ਼ਾਨ ਦੀ ਉਮਰ ਮਹਿਜ਼ 54 ਸਾਲ ਸੀ।


ਬਾਕਮਾਲ ਅਦਾਕਾਰੀ ਵਜੋਂ ਜਾਣੇ ਜਾਂਦੇ ਇਰਫ਼ਾਨ ਖ਼ਾਨ ਦੀ ਮੌਤ ਤੋਂ ਬਾਅਦ ਹਰ ਕੋਈ ਨਮ ਅੱਖਾਂ ਨਾਲ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਅਮਿਤਾਬ ਬਚਨ ਨੇ ਕਿਹਾ ਕਿ ਇੱਕ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਹੈ। ਇਕ ਮਹਾਨ ਸਹਿਯੋਗੀ, ਸਿਨੇਮਾ ਦੀ ਦੁਨੀਆਂ 'ਚ ਸ਼ਾਨਦਾਰ ਯੋਗਦਾਨ ਪਾਉਣ ਵਾਲਾ। ਸਾਨੂੰ ਬਹੁਤ ਜਲਦੀ ਛੱਡ ਕੇ ਚਲਾ ਗਿਆ। ਇਰਫ਼ਾਨ ਨੇ ਫ਼ਿਲਮ ਪੀਕੂ 'ਚ ਅਮਿਤਾਬ ਬਚਨ ਨਾਲ ਕੰਮ ਕੀਤਾ ਸੀ।





ਮਸ਼ਹੂਰ ਲੇਖਕ ਜਾਵੇਦ ਅਖ਼ਤਰ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ 'ਇਰਫ਼ਾਨ ਦੀ ਮੌਤ ਤੋਂ ਬਹੁਤ ਦੁਖੀ ਹਾਂ, ਅਜੇ ਉਨ੍ਹਾਂ ਚ ਬਹੁਤ ਕੁਝ ਬਾਕੀ ਸੀ। ਮੈਂ ਆਖਰੀ ਵਾਰ ਉਨ੍ਹਾਂ ਨੂੰ ਕਰੀਬ ਡੇਢ ਸਾਲ ਪਹਿਲਾਂ ਲੰਡਨ 'ਚ ਇਕ ਦੌਸਤ ਦੇ ਘਰ ਮਿਲਿਆ ਸੀ। ਉਸ ਵੇਲੇ ਉਨ੍ਹਾਂ ਕਿਹਾ ਸੀ ਮੈਨੂੰ ਲੰਡਨ 'ਚ ਬਹੁਤ ਦਿਨ ਹੋ ਗਏ, ਹੁਣ ਜਲਦੀ ਮੁੰਬਈ ਆਊਂਗਾ ਤੇ ਸਭ ਨੂੰ ਮਿਲਾਂਗਾ। ਇਰਫ਼ਾਨ ਸ਼ਾਨਦਾਰ ਅਦਾਕਾਰ ਸਨ।'


ਨਿਰਦੇਸ਼ਕ ਤੇ ਨਿਰਮਾਤਾ ਬੋਨੀ ਕਪੂਰ ਨੇ ਕਿਹਾ ਕਿ 'ਅਸੀਂ ਇਕ ਬਿਹਤਰੀਨ ਅਦਾਕਾਰ ਗਵਾ ਦਿੱਤਾ ਹੈ। ਉਹ ਅੰਤ ਤਕ ਲੜੇ। ਇਰਫ਼ਾਨ ਖ਼ਾਨ ਤਹਾਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ। ਪਰਿਵਾਰ ਪ੍ਰਤੀ ਸੰਵੇਦਨਾ।'


ਅਨੁਪਮ ਖੇਰ ਨੇ ਲਿਖਿਆ 'ਇਕ ਪਿਆਰਾ ਦੋਸਤ, ਬਿਹਤਰੀਨ ਅਦਾਕਾਰਾਂ 'ਚੋਂ ਇਕ ਤੇ ਅਦਭੁਤ ਇਨਸਾਨ। ਇਰਫ਼ਾਨ ਖ਼ਾਨ ਦੇ ਦੇਹਾਂਤ ਦੀ ਖ਼ਬਰ ਤੋਂ ਜ਼ਿਆਦਾ ਦੁਖਦ ਕੁਝ ਨਹੀਂ ਹੋ ਸਕਦਾ। ਦੁਖਦਾਈ ਦਿਨ!! ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।'


ਇਰਫ਼ਾਨ ਖ਼ਾਨ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਅਦਾਕਾਰ ਸਨ। ਉਹ ਆਪਣੀ ਨਿਵੇਕਲੀ ਅਦਾਕਾਰੀ ਕਾਰਨ ਪ੍ਰਸਿੱਧ ਸਨ।