ਮੁੰਬਈ: ਦੀਪਿਕਾ ਪਾਦੂਕੋਣ ਇਸ ਵੇਲੇ ਬਾਲੀਵੁੱਡ ਦੀਆਂ ਚੋਟੀ ਦੀਆਂ ਫ਼ਿਲਮੀ ਅਦਾਕਾਰਾਵਾਂ ’ਚੋਂ ਇੱਕ ਹੈ। ਤੁਸੀਂ ਸ਼ਾਇਦ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਦੀਪਿਕਾ ਕੇਵਲ 12ਵੀਂ ਪਾਸ ਹੈ। ਦੀਪਿਕਾ ਨੇ ਇੱਕ ਇੰਟਰਵਿਊ ’ਚ ਦੱਸਿਆ ਕਿ ਉਨ੍ਹਾਂ ਨੇ ਅੱਗੇ ਪੜ੍ਹਨ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਉਹ ਕਰ ਨਾ ਸਕੀ। ਦੀਪਿਕਾ ਨੇ ਸਾਫ਼ ਸ਼ਬਦਾਂ ’ਚ ਦੱਸਿਆ ਕਿ ਉਨ੍ਹਾਂ ਨੇ ਮਸਾਂ ਹੀ 11ਵੀਂ ਤੇ 12ਵੀਂ ਜਮਾਤ ਪਾਸ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਉਸ ਵੇਲੇ ਤੱਕ ਇੱਕ ਕਾਮਯਾਬ ਮਾਡਲ ਬਣ ਚੁੱਕੇ ਸਨ ਤੇ ਉਨ੍ਹਾਂ ਦਾ ਸਾਰਾ ਧਿਆਨ ਬਾਲੀਵੁੱਡ ਦੀ ਦੁਨੀਆ ’ਚ ਪੈਰ ਧਰਨ ਤੇ ਇੱਕ ਵਿਲੱਖਣ ਮੁਕਾਮ ਹਾਸਲ ਕਰਨ ਵੱਲ ਸੀ। ਦੀਪਿਕਾ ਨੇ ਕਿਹਾ ਕਿ ਉਨ੍ਹਾਂ ਦੇ ਮਾਪੇ ਬਾਲੀਵੁੱਡ ’ਚ ਕੰਮ ਕਰਨ ਦੇ ਸਖ਼ਤ ਖ਼ਿਲਾਫ਼ ਸਨ। ਉਹ ਪੜ੍ਹਾਈ ਨੂੰ ਅਹਿਮੀਅਤ ਦੇਣਾ ਚਾਹੁੰਦੇ ਸਨ। ਉਹ ਇਹੋ ਚਾਹੁੰਦੇ ਸਨ ਕਿ ਇੱਕ ਬੁਨਿਆਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਹੀ ਬਾਲੀਵੁੱਡ ’ਚ ਪੈਰ ਧਰਨ। ਦੀਪਿਕਾ ਨੇ ਕਿਹਾ,‘ਮੈਂ ਪੂਰੀ ਤਰ੍ਹਾਂ ਖ਼ੁਦ ਨੂੰ ਫ਼ਿਲਮੀ ਕਰੀਅਰ ’ਚ ਢਾਲਣਾ ਚਾਹੁੰਦੀ ਸਾਂ ਤੇ ਉਨ੍ਹਾਂ ਮੈਨੂੰ ਸਪੋਰਟ ਕੀਤਾ।’ ਦੀਪਿਕਾ ਨੇ ਕਿਹਾ,‘ਮੈਂ ਆਪਣੇ ਮਾਪਿਆਂ ਦੀ ਮਦਦ ਤੋਂ ਬਿਨਾ ਇਸ ਪੁਜ਼ੀਸ਼ਨ ’ਤੇ ਕਦੇ ਨਹੀਂ ਪੁੱਜ ਸਕਦੀ ਸਾਂ। ਉਨ੍ਹਾਂ ਮੇਰੇ ’ਤੇ ਭਰੋਸਾ ਪ੍ਰਗਟਾਇਆ ਸੀ ਤੇ ਮੈਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦਿੱਤੀ।’ ਦੀਪਿਕਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਮਯਾਬੀ ਤੋਂ ਕੁਝ ਦੋਸਤ ਤਾਂ ਖ਼ੁਸ਼ ਸਨ ਪਰ ਕੁਝ ਅਜਿਹੇ ਵੀ ਸਨ, ਜੋ ਉਨ੍ਹਾਂ ਨੂੰ ਅੱਗੇ ਵਧਦਿਆਂ ਨਹੀਂ ਵੇਖਣਾ ਚਾਹੁੰਦੇ ਸਨ ਤੇ ਉਨ੍ਹਾਂ ਨੂੰ ਕਾਮਯਾਬੀ ਤੋਂ ਤਕਲੀਫ਼ ਹੋ ਰਹੀ ਸੀ। ਦੱਸ ਦੇਈਏ ਕਿ ਦੀਪਿਕਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਓਮ ਸ਼ਾਂਤੀ ਓਮ’ ਤੋਂ ਕੀਤੀ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਦੀਆਂ ਕਈ ਫ਼ਿਲਮਾਂ ਹਿੱਟ ਰਹੀਆਂ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904