ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਤੇ ਆਪ ਜੀ ਦੇ ਚਾਰ ਸਾਹਿਬਜ਼ਾਦਿਆਂ 'ਤੇ ਆਧਾਰਿਤ ਫਿਲਮ 'ਚਾਰ ਸਾਹਿਬਜ਼ਾਦੇ' ਦੀ ਬੇਮਿਸਾਲ ਕਾਮਯਾਬੀ ਤੋਂ ਬਾਅਦ ਹੁਣ 'ਚਾਰ ਸਾਹਿਬਜ਼ਾਦੇ-2' 'ਤੇ ਸਭ ਦੀਆਂ ਨਜ਼ਰਾਂ ਹਨ। ਇਹ ਫਿਲਮ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਵਿਸ਼ਾਲ ਸਿੱਖ ਰਾਜ ਕਾਇਮ ਕਰਨ ਦਾ ਇਤਿਹਾਸ ਦਰਸ਼ਕਾਂ ਦੇ ਰੂਬਰੂ ਕਰੇਗੀ।


ਇਸ ਫਿਲਮ ਵਿੱਚ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੱਕ ਦਾ ਇਤਿਹਾਸ ਸ਼ਾਮਲ ਹੈ। ਇਹ ਵੀ 3ਡੀ-ਐਨੀਮੇਸ਼ਨ ਫਿਲਮ ਹੈ, ਜਿਸ ਨੂੰ ਹੈਰਾ ਬਵੇਜਾ ਨੇ ਨਿਰਦੇਸ਼ਤ ਕੀਤਾ ਹੈ ਤੇ ਪ੍ਰੋਡਿਊਸਰ ਪੰਮੀ ਬਵੇਜਾ ਹਨ। ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ ਬਣੀ ਫਿਲਮ 11 ਨਵੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਸੱਚੀਆਂ ਘਟਨਾਵਾਂ 'ਤੇ ਆਧਾਰਿਤ ਫਿਲਮ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਬਣਾਈ ਗਈ ਹੈ।

ਫਿਲਮ ਡਾਇਰੈਕਟਰ ਨੂੰ ਇਸ ਫਿਲਮ ਤੋਂ ਬੇਮਿਸਾਲ ਕਾਮਯਾਬੀ ਦੀ ਉਮੀਦ ਹੈ। ਯਾਦ ਕਰਾ ਦੇਈਏ ਕਿ ਨਵੰਬਰ 2014 ਵਿੱਚ ਰਿਲੀਜ਼ ਹੋਈ ਫਿਲਮ 'ਚਾਰ ਸਾਹਿਬਜ਼ਾਦੇ' ਨੂੰ ਦੇਖਣ ਲਈ ਸਿਰਫ ਸਿੱਖ ਨਹੀਂ ਬਲਕਿ ਹਰ ਧਰਮ ਦੇ ਲੋਕ ਵਹੀਰਾਂ ਘੱਤ ਕੇ ਪਹੁੰਚੇ ਸਨ। ਹਰ ਕਿਸੇ ਨੇ ਸਾਹਿਬਜ਼ਾਦਿਆਂ ਦੇ ਐਨੀਮੇਟਡ ਕਿਰਦਾਰਾਂ ਨੂੰ ਬਹੁਤ ਪਸੰਦ ਕੀਤਾ ਸੀ।

ਇੱਥੋਂ ਤੱਕ ਕਿ ਛੋਟੇ ਬੱਚਿਆਂ ਨੇ ਫਿਲਮ ਵਿੱਚ ਸਾਹਿਬਜ਼ਾਦਿਆਂ ਦੇ ਡਾਇਲਾਗਜ਼ ਨੂੰ ਹੁਣ ਤੱਕ ਮੂੰਹ ਜ਼ੁਬਾਨੀ ਯਾਦ ਰੱਖਿਆ ਹੋਇਆ ਹੈ। ਇਸ ਵਾਰ ਫਿਲਮ ਦੇ ਰਿਲੀਜ਼ ਦੀ ਉਡੀਕ ਬੜੀ ਬੇਸਬਰੀ ਨਾਲ ਕੀਤੀ ਜਾ ਰਹੀ ਹੈ। ਫਿਲਮ ਦਾ ਟ੍ਰੇਲਰ ਤੇ ਗਾਇਕ ਸੁਖਵਿੰਦਰ ਦਾ ਗਾਇਆ ਮੁੱਖ ਗਾਣਾ ਯੂ ਟਿਊਬ 'ਤੇ ਲਾਂਚ ਹੋ ਚੁੱਕੇ ਹਨ ਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੇ ਜਾ ਰਹੇ ਹਨ।