ਮੁੰਬਈ: ਚੈੱਕ ਬਾਉਂਸ ਮਾਮਲੇ ‘ਚ ਬਾਲੀਵੁੱਡ ਐਕਟਰ ਰਾਜਪਾਲ ਯਾਦਵ ਨੂੰ ਦਿੱਲੀ ਦੀ ਕੜਕੜਡੂਮਾ ਕੋਰਟ ਨੇ 6 ਮਹੀਨਿਆਂ ਦੀ ਸਜ਼ਾ ਤੇ 11 ਕਰੋੜ ਦਾ ਜ਼ੁਰਮਾਨਾ ਲਾਇਆ ਹੈ। ਕੋਰਟ ਨੇ ਰਾਜਪਾਲ ਦੀ ਪਤਨੀ ‘ਤੇ ਵੀ 7 ਲੱਖ ਦਾ ਜੁਰਮਾਨਾ ਲਾਇਆ ਪਰ ਉਸ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਦਾ ਐਲਾਨ ਨਹੀਂ ਕੀਤਾ।


 

ਸਜ਼ਾ ਸੁਣਨ ਤੋਂ ਕੁਝ ਸਮਾਂ ਬਾਅਦ ਹੀ ਰਾਜਪਾਲ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਕਿਉਂਕਿ ਕਾਨੂੰਨ ਮੁਤਾਬਕ ਜੇਕਰ ਸਜ਼ਾ 3 ਸਾਲ ਤੋਂ ਘੱਟ ਹੋਵੇ ਤਾਂ ਦੋਸ਼ੀ ਜ਼ਮਾਨਤ ਦੀ ਅਪੀਲ ਕਰ ਸਕਦਾ ਹੈ।

ਇਹ ਸਾਰਾ ਮਾਮਲਾ 2010 ਦਾ ਹੈ, ਜਦੋਂ ਰਾਜਪਾਲ ਯਾਦਵ ਨੇ ‘ਅਤਾ ਪਤਾ ਲਾਪਤਾ’ ਬਣਾਉਣ ਲਈ ਇੱਕ ਆਦਮੀ ਤੋਂ 5 ਕਰੋੜ ਰੁਪਏ ਉਧਾਰ ਲਏ ਸੀ। ਇਸ ਲਈ ਉਨ੍ਹਾਂ ਨੇ ਪੋਸਟ ਡੇਟਟ ਚੈੱਕ ਦਿੱਤਾ ਸੀ ਪਰ ਰਾਜਪਾਲ ਵੱਲੋਂ ਚੈੱਕ ਬਾਉਂਸ ਹੋ ਗਏ। ਇਸ ਤੋਂ ਬਾਅਦ ਉਸ ਸ਼ਖ਼ਸ ਨੇ ਦਿੱਲੀ ਦੀ ਕੜਕਵਡੂਮਾ ਕੋਰਟ ‘ਚ ਸ਼ਿਕਾਇਤ ਦਰਜ ਕਰ ਦਿੱਤੀ। ਉਸ ਸ਼ਿਕਾਇਤ ‘ਤੇ ਕੋਰਟ ਨੇ 13 ਅਪ੍ਰੈਲ ਨੂੰ ਰਾਜਪਾਲ ਨੂੰ, ਉਸ ਦੀ ਪਤਨੀ ਤੇ ਕੰਪਨੀ ਸਮੇਤ ਦੋਸ਼ੀ ਕਰਾਰ ਦਿੱਤਾ ਸੀ।

ਐਡੀਸ਼ਨਲ ਚੀਫ ਮੈਟਰੋਪਾਲੀਟਨ ਮੈਜਿਸਟਰੇਟ ਅਧਿਕਾਰੀ ਅਮਿਤ ਅਰੋੜਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਪ੍ਰਮਾਣ ਸ਼ੱਕ ਤੋਂ ਪਰੇ ਜਾ ਕੇ ਦੋਸ਼ੀਆਂ ਨੂੰ ਦੋਸ਼ੀ ਸਾਬਤ ਕਰ ਰਹੇ ਹਨ। ਇੱਕ ਵਾਰ ਜਦੋਂ ਦੋਸ਼ੀ ਨੇ ਇਹ ਮੰਨ ਲਿਆ ਕਿ ਸਬੰਧਤ ਚੈੱਕ ਉਸ ਦੇ ਬੈਂਕ ਖਾਤੇ ਨਾਲ ਜੁੜੇ ਹਨ ਤੇ ਉਨ੍ਹਾਂ 'ਤੇ ਸਾਈਨ ਵੀ ਉਸ ਦੇ ਹਨ ਤਾਂ ਫਿਰ ਸ਼ਿਕਾਇਤ ਕਰਨ ਵਾਲੇ ਨੂੰ ਚੈੱਕ ਬਾਊਂਸ ਦਾ ਕੇਸ ਦਰਜ ਕਰਨ ਦਾ ਹੱਕ ਮਿਲ ਗਿਆ।