ਨਵੀਂ ਦਿੱਲੀ: ਸੈਫ ਅਲੀ ਖਾਨ ਤੇ ਨਵਾਜ਼ਉੱਦੀਨ ਸਿਦੀਕੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਹਾਲ ਹੀ 'ਚ ਨੈੱਟਫਲਿਕਸ ਦੀ ਵੈੱਬ ਸੀਰੀਜ਼ 'ਸੈਕਰਡ ਗੇਮਸ' ਰਿਲੀਜ਼ ਹੋਈ ਹੈ ਤੇ ਇਸ ਨੂੰ ਲੈ ਕੇ ਇਨ੍ਹਾਂ ਦੋਵੇਂ ਅਦਾਕਾਰਾਂ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੱਛਮੀ ਬੰਗਾਲ ਦੀ ਕਾਂਗਰਸ ਵਰਕਰ ਨੇ ਦੋਸ਼ ਲਾਇਆ ਹੈ ਕਿ ਇਸ ਵੈੱਬ ਸੀਰੀਜ਼ 'ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।


ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਇਸ ਵੈੱਬ ਸੀਰੀਜ਼ ਦੇ ਇੱਕ ਸੀਨ 'ਚ ਨਵਾਜ਼ਉੱਦੀਨ ਸਿਦੀਕੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਗਾਲਾਂ ਦਿੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਰਾਜੀਵ ਗਾਂਧੀ ਲਈ ਫੱਟੂ ਸ਼ਬਦ ਦੀ ਵਰਤੋਂ ਕੀਤੀ ਜਿਸ ਦਾ ਅੰਗਰੇਜ਼ੀ ਸਬਟਾਈਟਲ ਜ਼ਰੀਏ ਤਰਜਮਾ ਕੀਤਾ ਹੈ।


ਆਪਣੀ ਸ਼ਿਕਾਇਤ ਦੇ ਆਧਾਰ 'ਤੇ ਕਾਂਗਰਸ ਵਰਕਰ ਨੇ ਨੈੱਟਫਲਿਕਸ, ਨਵਾਜ਼ਉੱਦੀਨ ਸਿਦੀਕੀ, ਸੈਕਰਡ ਗੇਮਸ ਦੇ ਨਿਰਮਾਤਾ ਤੇ ਹੋਰਾਂ ਖਿਲਾਫ ਸਾਬਕਾ ਪ੍ਰਧਾਨ ਮੰਤਰੀ ਦਾ ਅਪਮਾਨ ਕਰਨ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।


ਇਹ ਵੈਬ ਸੀਰੀਜ਼ 6 ਜੁਲਾਈ ਨੂੰ ਨੈਟਫਲਿਕਸ 'ਤੇ ਰਿਲੀਜ਼ ਹੋਈ ਹੈ। ਇਸਦੀ ਕਹਾਣੀ 'ਚ 80 ਵੇਂ ਦਹਾਕੇ ਦੀ ਪਿੱਠ ਭੂਮੀ ਦਿਖਾਈ ਗਈ ਹੈ। ਇਸ 'ਚ ਸੈਫ ਅਲੀ ਖਾਨ ਇਕ ਪੁਲਿਸ ਅਫਸਰ ਸਰਤਾਜ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ ਤੇ ਨਵਾਜ਼ਉੱਦੀਨ ਸਿਦੀਕੀ ਇਕ ਬਦਮਾਸ਼ ਗਣੇਸ਼ ਗਾਇਤੁੰਡੇ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਇਸ ਵੈਬ ਸੀਰੀਜ਼ ਨੂੰ ਅਨੁਰਾਗ ਕਸ਼ਅਪ ਤੇ ਵਿਕਰਮਾਦਿੱਤਯ ਮੋਟਵਾਨੀ ਨੇ ਮਿਲ ਕੇ ਨਿਰਦੇਸ਼ਤ ਕੀਤਾ ਹੈ।