ਮੁੰਬਈ:ਫ਼ਿਲਮ ‘ਪਦਮਾਵਤ’ ਵਿੱਚ ਰਾਣੀ ਪਦਮਾਵਤੀ ਦਾ ਕਿਰਦਾਰ ਕਰ ਚੁੱਕੀ ਦੀਪਿਕਾ ਪਾਦੂਕੋਨ ਹੁਣ ਵਿਸ਼ਾਲ ਭਾਰਦਵਾਜ ਦੇ ਨਿਰਦੇਸ਼ਨ ’ਚ ਬਣ ਰਹੀ ਇਸ ਫ਼ਿਲਮ ਵਿੱਚ ਮਾਫ਼ੀਆ ਕੁਈਨ ਵਜੋਂ ਨਜ਼ਰ ਆਏਗੀ।
ਆਪਣੀ ਅਗਾਮੀ ਫਿਲਮ ਵਿੱਚ ਗੈਂਗਸਟਰ ਸਪਨਾ ਦੀਦੀ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰ ਦੀਪਿਕਾ ਪਾਦੂਕੋਨ ਨੇ ਕਿਹਾ ਕਿ ਮਹਿਲਾ ਡੌਨ ਦੀ ਜ਼ਿੰਦਗੀ ’ਤੇ ਅਧਾਰਿਤ ਇਸ ਫ਼ਿਲਮ ਦੀ ਕਹਾਣੀ ਇੰਨੀ ਜ਼ਬਰਦਸਤ ਹੈ ਕਿ ਉਹ ਇਸ ਪ੍ਰਾਜੈਕਟ ਨੂੰ ਨਾਂਹ ਨਹੀਂ ਕਰ ਸਕੀ।
ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪਾਦੂਕੋਨ ਨੇ ਕਿਹਾ, ‘ਇਹ ਵਿਸ਼ਾਲ ਸਰ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੋਵੇਗੀ।
ਇਹ ਸਪਨਾ ਦੀਦੀ ’ਤੇ ਅਧਾਰਿਤ ਹੈ। ਮੈਨੂੰ ਫ਼ਿਲਹਾਲ ਫ਼ਿਲਮ ਦੇ ਟਾਈਟਲ ਬਾਰੇ ਹਾਲ ਦੀ ਘੜੀ ਕੋਈ ਜਾਣਕਾਰੀ ਨਹੀਂ ਹੈ, ਪਰ ਫ਼ਿਲਮ ਇਕ ਸੱਚੀ ਕਹਾਣੀ ’ਤੇ ਅਧਾਰਿਤ ਹੈ।’
ਫ਼ਿਲਮ ਅਸ਼ਰਫ਼ ਖ਼ਾਨ, ਜੋ ਸਪਨਾ ਦੀਦੀ ਦੇ ਨਾਂ ਨਾਲ ਵੀ ਮਕਬੂਲ ਸੀ, ਉੱਤੇ ਅਧਾਰਿਤ ਹੈ। ਇਸ ਸਮਾਂ ਸੀ ਜਦੋਂ ਅੰਡਰਵਰਲਡ ਵਿੱਚ ਇਸ ਨਾਮ ਤੋਂ ਹਰ ਕੋਈ ਡਰਦਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਖ਼ਾਨ ਅੰਡਰ ਵਰਲਡ ਡੌਨ ਦਾਊਦ ਇਬਰਾਹਿਮ ਕੋਲ ਕੰਮ ਕਰਦੇ ਇਕ ਵਿਅਕਤੀ ਨੂੰ ਵਿਆਹੀ ਸੀ ਪਰ ਜਦੋਂ ਦਾਊਦ ਨੇ ਇਕ ਪੁਲੀਸ ਮੁਕਾਬਲੇ ’ਚ ਉਸ ਦੇ ਸ਼ੌਹਰ ਨੂੰ ਮਰਵਾ ਦਿੱਤਾ ਤਾਂ ਖ਼ਾਨ ਨੇ ਮੌਤ ਦਾ ਬਦਲਾ ਲੈਣ ਦੀ ਠਾਣ ਲਈ।
ਖ਼ਾਨ ਨੇ ਦਾਊਦ ਦੇ ਵਿਰੋਧੀ ਹੁਸੈਨ ਉਸਤਰਾ ਨਾਲ ਹੱਥ ਮਿਲਾ ਲਿਆ। ਫ਼ਿਲਮ ਐਸ. ਹੁਸੈਨ ਜ਼ੈਦੀ ਦੀ ਕਿਤਾਬ ‘ਮਾਫ਼ੀਆ ਕੁਈਨਜ਼ ਆਫ਼ ਮੁੰਬਈ’ ’ਤੇ ਅਧਾਰਿਤ ਹੈ।