ਮੁੰਬਈ: ਗੁਰਦਾਸਪੁਰ ਤੋਂ ਬੀਜੇਪੀ ਦੇ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਬੇਸ਼ੱਕ ਕਿਸਾਨ ਅੰਦੋਲਨ 'ਤੇ ਚੁੱਪ ਧਾਰੀ ਬੈਠੇ ਹਨ। ਪਰ ਉਨ੍ਹਾਂ ਦੇ ਪਿਤਾ ਧਰਮੇਂਦਰ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਖਿਲਾਫ ਜਾਰੀ ਕਿਸਾਨ ਅੰਦੋਲਨ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ। ਹਾਲਾਂਕਿ ਸੰਨੀ ਦਿਓਲ ਨੇ ਕੇਂਦਰੀ ਖੇਤੀ ਕਾਨੂੰਨਾਂ ਦੀ ਹਮਾਇਤ ਜ਼ਰੂਰ ਕੀਤੀ ਸੀ।
ਇਕ ਦਿਨ ਪਹਿਲਾਂ ਧਰਮੇਂਦਰ ਨੇ ਆਪਣਾ ਟਵੀਟ ਹਟਾ ਦਿੱਤਾ ਸੀ। ਜਿਸ 'ਚ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਕਿਸਾਨ ਮਸਲਿਆਂ ਦਾ ਹੱਲ ਜਲਦ ਕੱਢਿਆ ਜਾਵੇ। ਇਸ ਤੋਂ ਮਗਰੋਂ ਇਕ ਟਵਿਟਰ ਯੂਜ਼ਰ ਨੇ ਧਰਮੇਂਦਰ ਨੂੰ ਉਸ ਦੇ ਟਵੀਟ ਦਾ ਸਕਰੀਨ ਸ਼ੌਟ ਭੇਜ ਕੇ ਸਵਾਲ ਪੁੱਛਿਆ ਕਿ ਤੁਸੀਂ ਇਹ ਡਿਲੀਟ ਕਿਉਂ ਕੀਤਾ ਤਾਂ ਉਨ੍ਹਾਂ ਜਵਾਬ ਦਿੱਤਾ, 'ਮੈਂ ਇਹ ਟਵੀਟ ਇਸ ਲਈ ਹਟਾ ਲਿਆ, ਕਿਉਂਕਿ ਮੈਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਦੁਖੀ ਹਾਂ। ਤੁਸੀਂ ਮੈਨੂੰ ਦਿਲੋਂ ਗਾਲਾਂ ਕੱਢ ਸਕਦੇ ਹੋ ਪਰ ਮੈਂ ਆਪਣੇ ਕਿਸਾਨ ਭਰਾਵਾਂ ਲਈ ਦੁਖੀ ਹਾਂ।'
ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਮੇਂਦਰ ਨੇ ਇਹ ਟਵੀਟ ਆਪਣੇ ਪੁੱਤਰ ਤੇ ਗੁਰਦਾਸਪੁਰ ਤੋਂ ਬੀਜੇਪੀ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਕਹਿਣ ਤੇ ਹਟਾਇਆ ਹੋਵੇਗਾ। ਜਦੋਂ ਧਰਮੇਂਦਰ ਨੂੰ ਟਵਿਟਰ ਯੂਜ਼ਰ ਨੇ ਅਜਿਹਾ ਸਵਾਲ ਕੀਤਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਮੈਂ ਤੁਹਾਡੀ ਮਾਨਸਿਕਤਾ ਬਾਰੇ ਕੁਝ ਨਹੀਂ ਕਹਿ ਸਕਦਾ।