ਨਵੀਂ ਦਿੱਲੀ: ਨੋਬਲ ਪੁਰਸਕਾਰ ਨਾਲ ਸਨਮਾਨਤ ਮਲਾਲਾ ਯੂਸੁਫਜ਼ਈ ਦੀ ਜ਼ਿੰਦਗੀ 'ਤੇ ਬਣਨ ਵਾਲੀ ਫ਼ਿਲਮ 'ਗੁਲ ਮਕਾਈ' ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਹੋ ਗਈ ਹੈ। ਫ਼ਿਲਮ 'ਚ ਖਾਸ ਕਿਰਦਾਰ ਨਿਭਾ ਰਹੀ ਅਦਾਕਾਰਾ ਦਿਵਿਆ ਦੱਤਾ ਨੇ ਇਹ ਖ਼ਬਰ ਸਾਂਝੀ ਕਰਦੇ ਹੋਏ ਟਵੀਟ ਕੀਤਾ, 'ਗੁਲ ਮਕਾਈ ਦੀ ਸ਼ੂਟਿੰਗ ਸ਼ੁਰੂ। ਫ਼ਿਲਮ ਹੌਸਲੇ ਵਾਲੀ ਕੁੜੀ ਮਲਾਲਾ ਦੀ ਜ਼ਿੰਦਗੀ 'ਤੇ ਅਧਾਰਤ ਹੈ। ਅਤੁਲ ਕੁਲਕਰਣੀ ਦੇ ਨਾਲ ਇਹ ਦੂਜੀ ਫਿਲਮ ਹੈ।'


[embed]https://twitter.com/divyadutta25/status/913626609273442305[/embed]

ਫ਼ਿਲਮ ਕਲਾਕਾਰ ਕੁਲਕਰਣੀ ਨੇ ਇਸ ਦੇ ਜਵਾਬ 'ਚ ਟਵੀਟ ਕੀਤਾ- ਤੁਹਾਡੇ ਨਾਲ ਮਿਲਣਾ ਅਤੇ ਕੰਮ ਕਰਨਾ ਖੁਸ਼ੀ ਵਾਲੀ ਗੱਲ ਹੈ। ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਪਾਕਿਸਤਾਨੀ ਕੁੜੀ ਮਲਾਲਾ ਦੀ ਜ਼ਿੰਦਗੀ 'ਤੇ ਅਧਾਰਤ ਫ਼ਿਲਮ 'ਗੁਲ ਮਕਾਈ' 'ਚ ਰੀਮ ਸ਼ੇਖ ਮਲਾਲਾ ਬਣੀ ਹੈ। ਸ਼ੇਖ ਇਸ ਕਿਰਦਾਰ ਲਈ ਸਖ਼ਤ ਮਿਹਨਤ ਕਰ ਰਹੀ ਹੈ।

[embed]https://twitter.com/atul_kulkarni/status/913627083015905280[/embed]

ਫ਼ਿਲਮ ਦੀ ਸ਼ੂਟਿੰਗ 2016 'ਚ ਹੀ ਸ਼ੁਰੂ ਹੋਈ ਸੀ ਅਤੇ ਕੁੱਝ ਹਿੱਸਾ ਗੁਜਰਾਤ ਦੇ ਭੁਜ 'ਚ ਸ਼ੂਟ ਵੀ ਹੋਇਆ ਸੀ ਫਿਰ ਇਸ ਦੇ ਕੰਮ 'ਤੇ ਬ੍ਰੇਕ ਲੱਗ ਗਈ। ਫਿਲਹਾਲ ਫ਼ਿਲਮ ਦੀ ਸ਼ੂਟਿੰਗ ਮੁੜ ਤੋਂ ਸ਼ੁਰੂ ਹੋ ਗਈ ਹੈ।

ਫ਼ਿਲਮ ਦਾ ਨਾਂ ਗੁਲ ਮਕਾਈ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਮਲਾਲਾ ਪਾਕਿਸਤਾਨ 'ਚ ਰਹਿੰਦੇ ਹੋਏ ਇਸੇ ਨਾਂ 'ਤੋਂ ਆਪਣਾ ਬਲੌਗ ਚਲਾਉਂਦੀ ਸੀ। ਇਸ ਫ਼ਿਲਮ 'ਚ ਦਿਵਿਆ ਦੱਤਾ ਅਤੇ ਅਤੁਲ ਕੁਲਕਰਣੀ ਵਰਗੇ ਕਲਾਕਾਰ ਖਾਸ ਭੂਮਿਆਕਾਵਾਂ 'ਚ ਹਨ। ਖ਼ਬਰਾਂ ਮੁਤਾਬਕ ਦਿਵਿਆ ਇਸ 'ਚ ਮਲਾਲਾ ਦੀ ਮਾਂ ਬਣੀ ਹੈ।



12 ਜੁਲਾਈ 1997 'ਚ ਪੈਦਾ ਹੋਏ ਮਲਾਲਾ ਨਿੱਕੀ ਉਮਰੇ ਤੋਂ ਹੀ ਮਨੁੱਖੀ ਅਧਿਕਾਰਾਂ, ਖਾਸ ਤੌਰ 'ਤੇ ਕੁੜੀਆਂ ਦੀ ਸਿੱਖਿਆ ਦੇ ਹੱਕ 'ਚ ਬੋਲਦੀ ਆਈ ਹੈ। ਆਪਣੇ ਪਿਓ ਤੋਂ ਪ੍ਰਭਾਵਤ ਹੋ ਕੇ ਮਲਾਲਾ ਨੇ ਲੋਕਾਂ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। 9 ਅਕਟੂਬਰ 2012 ਨੂੰ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਗੋਲੀ ਮਲਾਲਾ ਦੇ ਸਿਰ 'ਤੇ ਲੱਗੀ ਅਤੇ ਬੜੀ ਮੁਸ਼ਕਲ ਨਾਲ ਉਸ ਨੂੰ ਬਚਾਇਆ ਗਿਆ ਸੀ।



ਮਲਾਲਾ ਨੂੰ ਟਾਇਮਜ਼ ਮੈਗਜ਼ੀਨ ਨੇ ਸਾਲ 2013, 2014, 2015 'ਚ ਲਗਾਤਾਰ ਤਿੰਨ ਸਾਲ ਦੁਨੀਆ ਦੇ ਸੱਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ 'ਚ ਰੱਖਿਆ ਸੀ। ਮਲਾਲਾ ਨੂੰ ਉਨ੍ਹਾਂ ਦੇ ਕੰਮਾਂ ਲਈ 2014 ਦਾ ਨੋਬਲ ਸ਼ਾਂਤੀ ਇਨਾਮ ਵੀ ਦਿੱਤਾ ਗਿਆ। ਉਹ ਨੋਬਲ ਸ਼ਾਂਤੀ ਐਵਾਰਡ ਲੈਣ ਵਾਲੀ ਦੁਨੀਆ ਦੀ ਸੱਭ ਤੋਂ ਘੱਟ ਉਮਰ ਦੀ ਇਨਸਾਨ ਹੈ।