ਮੁੰਬਈ: ਬਾਲੀਵੁੱਡ ‘ਚ ਇਨ੍ਹੀਂ ਦਿਨੀਂ ਬਾਇਓਪਿਕ ਦਾ ਦੌਰ ਚੱਲ ਰਿਹਾ ਹੈ। ਫਿਰ ਜਿੰਦਗੀ ਚਾਹੇ ਕਿਸੇ ਨੇਤਾ ਦੀ ਹੋਵੇ, ਕਿਸੇ ਐਕਟਰ ਦੀ ਜਾਂ ਕਿਸੇ ਖਿਡਾਰੀ ਦੀ। ਕ੍ਰਿਕਟ ਦੇ ਸਾਬਕਾ ਪਲੇਅਰ ਮੁਹੰਮਦ ਅਜ਼ਰੂਦੀਨ, ਸਚਿਨ ਤੇ ਧੋਨੀ ਤੋਂ ਬਾਅਦ ਖ਼ਬਰ ਸੀ ਕਿ ਲੋਕਾਂ ਨੂੰ ਕਪਿਲ ਦੇਵ ਦੀ ਬਾਇਓਪਿਕ ਦੇਖਣ ਨੁੰ ਮਿਲ ਸਕਦੀ ਹੈ ਪਰ ਇਸ ਤੋਂ ਪਹਿਲਾਂ ਹੁਣ ਖ਼ਬਰ ਆ ਗਈ ਕਿ ਟੀਵੀ ਕੁਈਨ ਏਕਤਾ ਕਪੂਰ ਸਾਬਕਾ ਕਪਤਾਨ ਸੌਰਭ ਗਾਂਗੁਲੀ ਦੀ ਬਾਇਓਪਿਕ ‘ਤੇ ਕੰਮ ਕਰਨ ਜਾ ਰਹੀ ਹੈ।




ਦਾਦਾ ਦੇ ਫੈਨਸ ਸੌਰਭ ਗਾਂਗੁਲੀ ਦੀ ਜਿੰਦਗੀ ਦੀ ਕਹਾਣੀ ਨੂੰ ਵੱਡੇ ਪਰਦੇ ‘ਤੇ ਦੇਖਣ ਦਾ ਮੌਕਾ ਜਲਦੀ ਹੀ ਮਿਲ ਸਕਦਾ ਹੈ। ਏਕਤਾ ਕਪੂਰ ਆਰਟ ਬਾਲਾਜੀ ਦੇ ਬੈਨਰ ਹੇਠ ਸੌਰਭ ਦੀ ਬਾਇਓਪਿਕ ‘ਤੇ ਕੰਮ ਕਰਨ ਜਾ ਰਹੀ ਹੈ। ਪਿਛਲੇ ਕੁਝ ਦਿਨ ਪਹਿਲਾਂ ਸੌਰਭ ਤੇ ਏਕਤਾ ‘ਚ ਇਸ ਬਾਰੇ ਕੁਝ ਗੱਲਬਾਤ ਵੀ ਹੋਈ ਹੈ।



ਇਹ ਫ਼ਿਲਮ ‘ਏ ਸੈਂਚੂਰੀ ਇਜ਼ ਇਨਫ’ ਬੁੱਕ ‘ਤੇ ਬੇਸਡ ਹੋਵੇਗੀ। ਸੌਰਭ ਇਸ ਫ਼ਿਲਮ ਦੇ ਕੋ-ਰਾਈਟਰ ਹਨ ਪਰ ਇਹ ਪ੍ਰੋਜੈਕਟ ਅਜੇ ਤੱਕ ਫਾਈਨਲ ਨਹੀਂ ਹੋਇਆ। ਜੇਕਰ ਇਹ ਪ੍ਰੋਜੈਕਟ ਫਾਈਨਲ ਹੋ ਜਾਂਦਾ ਹੈ ਤਾਂ ਸੌਰਭ ਦੀ ਜਿੰਦਗੀ ਨੂੰ ਲੋਕ ਜਲਦੀ ਹੀ ਕਰੀਬ ਤੋਂ ਦੇਖ ਸਕਣਗੇ। ਗਾਂਗੁਲੀ ਨੇ ਆਪਣੀ ਜਿੰਦਗੀ ‘ਚ ਭਾਰਤੀ ਕ੍ਰਿਕਟ ਨੂੰ ਕਈ ਅਜਿਹੇ ਪਲ ਦਿੱਤੇ ਹਨ ਜਿਨ੍ਹਾਂ ਨੂੰ ਯਾਦ ਕਰ ਜਸ਼ਨ ਮਨਾਇਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਅਜਰੂਦੀਨ, ਧੋਨੀ ਤੇ ਸਚਿਨ ਦੀ ਜਿੰਦਗੀ ‘ਤੇ ਬਾਇਓਪਿਕਸ ਬਣ ਚੁੱਕੀਆਂ ਹਨ। ਇਨ੍ਹਾਂ ਤੋਂ ਇਲਾਵਾ ਮੈਰੀ ਕਾਮ ਤੇ ਮਿਲਖਾ ਸਿੰਘ ਨਾਲ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜਿੰਦਗੀ ‘ਤੇ ਵੀ ਫ਼ਿਲਮ ਬਣ ਚੁੱਕੀ ਹੈ। ਸੰਦੀਪ ਦੀ ਜਿੰਦਗੀ ‘ਤੇ ਬਣੀ ਫ਼ਿਲਮ ‘ਸੂਰਮਾ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ।