ਮੁੰਬਈ: ਬੇਹੱਦ ਚਰਚਿਤ ‘ਬਾਟਲਾ ਹਾਊਸ ਮੁਕਾਬਲੇ’ ਬਾਰੇ ਫਿਲਮ ਬਣਨ ਜਾ ਰਹੀ ਹੈ। ਇਹ ਮੁਕਾਬਲਾ ਦਿੱਲੀ ਦੇ ਜਾਮੀਆ ਨਗਰ ਵਿੱਚ ਸਤੰਬਰ 2008 ਵਿੱਚ ਹੋਇਆ ਸੀ। ਇਸ ਮੁਕਾਬਲੇ ਵਿੱਚ ਇੰਡੀਅਨ ਮੁਜਾਹਿਦੀਨ ਦੇ ਦੋ ਸ਼ੱਕੀ ਅਤਿਵਾਦੀ ਮਾਰੇ ਗਏ ਸਨ ਤੇ ਦੋ ਗ੍ਰਿਫ਼ਤਾਰ ਕੀਤੇ ਗਏ ਸਨ ਜਦੋਂਕਿ ਇੱਕ ਫਰਾਰ ਹੋਣ ਵਿੱਚ ਕਾਮਯਾਬ ਰਿਹਾ ਸੀ। ਫਿਲਮ ਨਿਰੇਸ਼ਕ ਨਿਖ਼ਿਲ ਅਡਵਾਨੀ ਨੇ ਕਿਹਾ ਹੈ ਕਿ ਉਸ ਨੇ ਫਿਲਮ ‘ਬਾਟਲਾ ਹਾਊਸ ਮੁਕਾਬਲੇ’ ਸਬੰਧੀ ਸਾਰੀਆਂ ਧਿਰਾਂ ਤੋਂ ਜ਼ਰੂਰੀ ਮਨਜ਼ੂਰੀ ਲੈ ਲਈ ਹੈ। ਹੁਣ ਇਸ ਫਿਲਮ ’ਤੇ ਛੇਤੀ ਕੰਮ ਸ਼ੁਰੂ ਹੋ ਜਾਵੇਗਾ। ਐਨਕਾਊਂਟਰ ਸਪੈਸ਼ਲਿਸਟ ਤੇ ਦਿੱਲੀ ਪੁਲਿਸ ਦਾ ਅਫ਼ਸਰ ਮੋਹਨ ਚੰਦ ਸ਼ਰਮਾ ਇਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਅਡਵਾਨੀ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਸੱਚੀਆਂ ਘਟਨਾਵਾਂ ’ਤੇ ਆਧਾਰਤ ਫਿਲਮਾਂ ‘ਲਖਨਊ ਸੈਂਟਰਲ’ ਤੇ ‘ਏਅਰ ਲਿਫਟ’ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਬਾਟਲਾ ਹਾਊਸ ਸਬੰਧੀ ਫਿਲਮ ਲਈ ਉਹ ਪਿਛਲੇ ਚਾਰ ਸਾਲ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਫਿਲਮ ਨਾਲ ਸਬੰਧਤ ਸਾਰੀਆਂ ਧਿਰਾਂ ਤੋਂ ਫਿਲਮ ਸਬੰਧੀ ਮਨਜ਼ੂਰੀ ਲਈ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਦਾ ਕੰਮ ਸਤੰਬਰ-ਅਕਤੂਬਰ ਵਿੱਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਦਾਕਾਰ ਸੈਫ ਅਲੀ ਖਾਨ ਫਿਲਮ ਵਿੱਚ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਉਣਗੇ।