ਚੰਡੀਗੜ੍ਹ: ਅੱਜ 6 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਦੇ ਨਾਲ-ਨਾਲ ਗੁੱਗੂ ਗਿੱਲ, ਹਰੀਸ਼ ਵਰਮਾ, ਕਰਮਜੀਤ ਅਨਮੋਲ, ਰੋਸ਼ਨ ਪ੍ਰਿੰਸ, ਰਾਜਵੀਰ ਜਵੰਦਾ, ਜੋਰਡਨ ਸੰਧੂ, ਸਰਦਾਰ ਸੋਹੀ ਤੇ ਜੱਗੀ ਸਿੰਘ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਫ਼ਿਲਮ ‘ਚ ਗਿੱਪੀ ਗਰੇਵਾਲ ਦੇ ਔਪੋਜਿਟ ਅਦਿਤੀ ਸ਼ਰਮਾ ਮੁੱਖ ਕਿਰਦਾਰ ਨਿਭਾਅ ਰਹੀ ਹੈ। ‘ਸੂਬੇਦਾਰ ਜੋਗਿੰਦਰ ਸਿੰਘ’ ਦੇ ਟ੍ਰੇਲਰ ਤੇ ਗਾਣਿਆਂ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।

ਜੇਕਰ ਫ਼ਿਲਮ ਦੇ ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਡਾਇਰੈਕਟ ਕੀਤਾ ਹੈ ਸਿਰਮਜੀਤ ਸਿੰਘ ਨੇ ਤੇ ਪ੍ਰੋਡਿਊਸ ਕੀਤਾ ਹੈ ਸੁਮੀਤ ਸਿੰਘ ਨੇ। ਫ਼ਿਲਮ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਬਣੀ ਅਸਲ ਕਹਾਣੀ ਹੈ ਜਿਸ ‘ਚ ਜੋਗਿੰਦਰ ਸਿੰਘ ਦੀ ਜਵਾਨੀ ਤੋਂ ਲੈ ਕੇ ਸ਼ਹੀਦੀ ਤੱਕ ਦੇ ਸਫਰ ਨੂੰ ਦਰਸਾਇਆ ਗਿਆ ਹੈ। ਸੂਬੇਦਾਰ ਜੋਗਿੰਦਰ ਸਿੰਘ ਉਹ ਹਸਤੀ ਹੈ ਜਿਸ ਨੇ 1962 ‘ਚ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ ਸਿਰਫ 25 ਜਵਾਨਾਂ ਨਾਲ ਚੀਨ ਦੇ 1000 ਤੋਂ ਵੀ ਵੱਧ ਫ਼ੌਜੀ ਹਮਲਾਵਰਾਂ ਦਾ ਮੁਕਾਬਲਾ ਕੀਤਾ ਸੀ।

ਫ਼ਿਲਮ ਜਿੱਥੇ ਲੋਕਾਂ ਦਾ ਮਨੋਰੰਜਨ ਕਰੇਗੀ ਨਾਲ ਹੀ ਦਰਸ਼ਕਾਂ ਨੂੰ ਫ਼ੌਜੀਆਂ ਦੀ ਜ਼ਿੰਦਗੀ ਨਾਲ ਵੀ ਜੋੜੇਗੀ, ਕਿਉਂਕਿ ਫ਼ਿਲਮ ਫ਼ੌਜੀਆਂ ਦੇ ਪਰਿਵਾਰਾਂ ਤੇ ਜੰਗ ਦੇ ਮੈਦਾਨ ‘ਚ ਪੈਦਾ ਹੋਣ ਵਾਲੇ ਮਾਹੌਲ ਨੂੰ ਦਿਖਾਉਂਦੀ ਹੈ। ਪੰਜਾਬੀ ਫ਼ਿਲਮ ਇੰਡਸਟਰੀ ਦੀ ਇਹ ਪਹਿਲੀ ਫ਼ਿਲਮ ਹੈ ਜਿਸ ‘ਚ ਦਰਜਨ ਭਰ ਤੋਂ ਵੀ ਜ਼ਿਆਦਾ ਕਲਾਕਾਰਾਂ ਨੇ ਇਕੱਠੇ ਕੰਮ ਕੀਤਾ ਹੈ। ਫ਼ਿਲਮ ਪੰਜਾਬੀ ਦੇ ਨਾਲ-ਨਾਲ ਹਿੰਦੀ ਭਾਸ਼ਾ ‘ਚ ਵੀ ਰਿਲੀਜ਼ ਕੀਤੀ ਹੋ ਰਹੀ ਹੈ। ਫ਼ਿਲਮ ਭਾਰਤ ਦੇ ਨਾਲ-ਨਾਲ ਨਿਊਜ਼ੀਲੈਂਡ, ਕੈਨੇਡਾ, ਆਸਟ੍ਰੇਲੀਆ ਤੇ ਯੂ.ਕੇ. ‘ਚ ਵੀ ਰਿਲੀਜ਼ ਹੋ ਰਹੀ ਹੈ। ਇਸ ਲਈ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ।