ਮੁੰਬਈ: ਜੋਧਪੁਰ ਦੀ ਅਦਾਲਤ ਵੱਲੋਂ ਸਲਮਾਨ ਖ਼ਾਨ ਨੂੰ ਸਜ਼ਾ ਸੁਣਾਏ ਜਾਣ ਪਿੱਛੋਂ ਫ਼ਿਲਮ ਕਾਰੋਬਾਰੀ ਚਿੰਤਾ ਦੇ ਆਲਮ ਵਿੱਚ ਹਨ। ਸਿਨੇਮਾ ਕਾਰੋਬਾਰੀ ਮਾਹਿਰਾਂ ਮੁਤਾਬਕ ਫ਼ਿਲਮ ਜਗਤ ਦੇ 400 ਤੋਂ 600 ਕਰੋੜ ਰੁਪਇਆਂ ਦਾ ਕਾਰੋਬਾਰ ਸਲਮਾਨ ਦੇ ਮੋਢਿਆਂ ’ਤੇ ਹੈ।


ਅਦਾਲਤ ਦੇ ਇਸ ਫ਼ੈਸਲੇ ਨਾਲ ਸਲਮਾਨ ਖ਼ਾਨ ਦੀ ਭੂਮਿਕਾ ਵਾਲੀਆਂ ਫ਼ਿਲਮਾਂ ਵੀ ਪ੍ਰਭਾਵਿਤ ਹੋਣਗੀਆਂ। ਉਸ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਰੇਸ 3’ ਦੀ ਸ਼ੂਟਿੰਗ ਹਾਲੇ ਜਾਰੀ ਹੈ। ਇਸ ਫ਼ਿਲਮ ਉਸ ਦਾ ਕੰਮ ਮੁਕੰਮਲ ਹੈ ਜਾਂ ਨਹੀਂ, ਇਸ ਗੱਲ ਦੀ ਪੁਸ਼ਟੀ ਨਹੀਂ ਹੋਈ।

ਫ਼ਿਲਮ ਕਾਰੋਬਾਰੀ ਵਿਸ਼ਲੇਸ਼ਕ ਕੋਮਲ ਨਾਹਟਾ ਨੇ ਕਿਹਾ ਕਿ ਫ਼ਿਲਮ ‘ਰੇਸ 3’ ਜੂਨ ’ਚ ਰਿਲੀਜ਼ ਹੋਵੇਗੀ। ਇਸ ’ਤੇ ਤਕਰੀਬਨ 125-150 ਕਰੋੜ ਰੁਪਏ ਦਾਅ ’ਤੇ ਲੱਗੇ ਹਨ। ‘ਕਿਕ 2’, ‘ਦਬੰਗ 3’ ਤੇ ‘ਭਾਰਤ’ ਦਾ ਕੰਮ ਹਾਲੇ ਸ਼ੁਰੂ ਨਹੀਂ ਹੋਇਆ, ਇਸ ਲਈ ਇਨ੍ਹਾਂ ਦਾ ਜ਼ਿਆਦਾ ਆਰਥਿਕ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਫ਼ਿਲਮ ਕਾਰੋਬਾਰ ਤੇ ਵਪਾਰ ਨੂੰ ਸਲਮਾਨ ਤੋਂ ਵੱਡਾ ਨੁਕਸਾਨ ਇਸ ਲਈ ਹੈ ਕਿਉਂਕਿ ਉਹ ਅਜਿਹਾ ਅਦਾਕਾਰ ਹੈ ਜੋ ਫ਼ਿਲਮ ਦੀ ਵੱਡੀ ਸਫ਼ਲਤਾ ਦੀ ਗਰੰਟੀ ਦਿੰਦਾ ਹੈ।